RBI News : ਦੇਸ਼ ਦੇ ਗਰੀਬ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਹੁਣ ਅਜਿਹੇ ਪਰਿਵਾਰਾਂ ਨੂੰ ਪਹਿਲਾਂ ਨਾਲੋਂ ਵੱਧ ਲੋਨ ਮਿਲਣ ਦਾ ਰਾਹ ਖੁੱਲ੍ਹ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਮਾਈਕ੍ਰੋਫਾਈਨੈਂਸ ਲੋਨ ਲੈਣ ਵਾਲੇ ਪਰਿਵਾਰਾਂ ਦੀ ਸਾਲਾਨਾ ਆਮਦਨ ਦੀ 3 ਲੱਖ ਰੁਪਏ ਵਾਲੀ ਹੱਦ ਦੀ ਸਮੀਖਿਆ ਕਰਨ ਬਾਰੇ ਵਿਚਾਰ ਕਰ ਸਕਦਾ ਹੈ।
RBI ਦੇ ਡਿਪਟੀ ਗਵਰਨਰ ਗਿਰੀਸ਼ ਚੰਦਰ ਮੁੁਰਮੂ ਨੇ ਸ਼ੁੱਕਰਵਾਰ ਨੂੰ ਆਪਣੇ ਸੰਬੋਧਨ ਦੌਰਾਨ ਇਹ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਆਮਦਨ ਦੀ ਹੱਦ ਵਿੱਚ ਬਦਲਾਅ ਦੀ ਲੋੜ ਅਤੇ ਮਾਈਕ੍ਰੋਫਾਈਨੈਂਸ ਉਦਯੋਗ ਵਿੱਚ ਹੋ ਰਹੇ ਬਦਲਾਅ ਨੂੰ ਦੇਖਦੇ ਹੋਏ ਇਸ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋਨ ਦੇਣ ਵਾਲੀਆਂ ਕੰਪਨੀਆਂ ਨੂੰ ਪਰਿਵਾਰਾਂ ਦੀ ਆਮਦਨ ਦਾ ਸਹੀ ਹਿਸਾਬ ਰੱਖਣਾ ਚਾਹੀਦਾ ਹੈ, ਤਾਂ ਜੋ ਨਿਯਮਾਂ ਦੀ ਦੁਰਵਰਤੋਂ ਨਾ ਹੋਵੇ।
3 ਲੱਖ ਰੁਪਏ ਦੀ ਆਮਦਨ ਵਾਲੀ ਹੱਦ ਕਿਉਂ ਬਦਲ ਸਕਦੀ ਹੈ?
ਮਾਈਕ੍ਰੋਫਾਈਨੈਂਸ ਲੋਨ ਛੋਟੇ ਕਰਜ਼ੇ ਹੁੰਦੇ ਹਨ, ਜੋ ਬੈਂਕਾਂ ਅਤੇ ਵਿੱਤੀ ਕੰਪਨੀਆਂ ਵੱਲੋਂ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਦਿੱਤੇ ਜਾਂਦੇ ਹਨ। RBI ਦੇ 2022 ਦੇ ਨਿਯਮਾਂ ਮੁਤਾਬਕ, ਸਾਲਾਨਾ 3 ਲੱਖ ਰੁਪਏ ਤੱਕ ਦੀ ਪਰਿਵਾਰਕ ਆਮਦਨ ਵਾਲੇ ਪਰਿਵਾਰ ਹੀ ਮਾਈਕ੍ਰੋਫਾਈਨੈਂਸ ਲੋਨ ਲੈਣ ਦੇ ਯੋਗ ਹਨ।
ਮਾਈਕ੍ਰੋਫਾਈਨੈਂਸ ਕੰਪਨੀਆਂ ਲੰਬੇ ਸਮੇਂ ਤੋਂ ਇਸ ਹੱਦ ਨੂੰ ਵਧਾਉਣ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ 3 ਲੱਖ ਰੁਪਏ ਦੀ ਪੁਰਾਣੀ ਹੱਦ ਵਿੱਚ ਵਾਧਾ ਹੋਣਾ ਚਾਹੀਦਾ ਹੈ। ਹੁਣ RBI ਨੇ ਇਸ ਮੰਗ 'ਤੇ ਵਿਚਾਰ ਕਰਨ ਦੇ ਸੰਕੇਤ ਦਿੱਤੇ ਹਨ।
EMI ਦੇ ਨਿਯਮਾਂ ਵਿੱਚ ਕੋਈ ਛੋਟ ਨਹੀਂ
ਦੂਜੇ ਪਾਸੇ, ਲੋਨ ਦੀਆਂ ਕਿਸ਼ਤਾਂ (EMI) ਨੂੰ ਲੈ ਕੇ RBI ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ। ਮੌਜੂਦਾ ਨਿਯਮਾਂ ਮੁਤਾਬਕ ਕੋਈ ਵੀ ਪਰਿਵਾਰ ਆਪਣੀ ਮਹੀਨਾਵਾਰ ਆਮਦਨ ਦਾ 50 ਫੀਸਦੀ ਤੋਂ ਵੱਧ ਹਿੱਸਾ ਲੋਨ ਦੀਆਂ ਕਿਸ਼ਤਾਂ ਭਰਨ 'ਤੇ ਖਰਚ ਨਹੀਂ ਕਰ ਸਕਦਾ। ਉਦਾਹਰਨ ਵਜੋਂ, ਜੇਕਰ ਕਿਸੇ ਪਰਿਵਾਰ ਦੀ ਮਹੀਨਾਵਾਰ ਆਮਦਨ 20 ਹਜ਼ਾਰ ਰੁਪਏ ਹੈ ਤਾਂ ਉਹ 10 ਹਜ਼ਾਰ ਰੁਪਏ ਤੋਂ ਵੱਧ ਲੋਨ ਦੀਆਂ ਕਿਸ਼ਤਾਂ ਨਹੀਂ ਭਰ ਸਕਦਾ।
ਕੰਪਨੀਆਂ ਇਸ 50 ਫੀਸਦੀ ਦੀ ਹੱਦ ਵਿੱਚ ਛੋਟ ਮੰਗ ਰਹੀਆਂ ਸਨ, ਪਰ RBI ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। RBI ਦਾ ਮੰਨਣਾ ਹੈ ਕਿ ਇਹ ਨਿਯਮ ਗਰੀਬ ਪਰਿਵਾਰਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਣ ਤੋਂ ਬਚਾਉਣ ਲਈ ਜ਼ਰੂਰੀ ਹੈ। ਫਿਲਹਾਲ 3 ਲੱਖ ਦੀ ਆਮਦਨ ਸੀਮਾ ਵਧਾਉਣ ਦਾ ਅੰਤਿਮ ਫੈਸਲਾ ਨਹੀਂ ਹੋਇਆ ਹੈ, ਸਿਰਫ ਇਸ ਦੀ ਸਮੀਖਿਆ ਕਰਨ ਦੇ ਸੰਕੇਤ ਦਿੱਤੇ ਗਏ ਹਨ।