ਰਿਲਾਇੰਸ ਇੰਡਸਟਰੀਜ਼ (Reliance) ਨੂੰ ਸ਼ਨੀਵਾਰ ਇੱਕ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ। ਦਰਅਸਲ, ਰਿਲਾਇੰਸ ਇੰਡਸਟਰੀਜ਼ ਅਤੇ ਫਿਊਚਰ ਗਰੁੱਪ (Future Group) ਦੇ ਸੌਦੇ ਨੂੰ ਭਾਰਤ ਦੇ ਪ੍ਰਤੀਯੋਗੀ ਕਮਿਸ਼ਨ (CCI) ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਰਿਲਾਇੰਸ ਇੰਡਸਟਰੀਜ਼ ਲਈ ਫਿਊਚਰ ਗਰੁੱਪ ਦਾ ਕਾਰੋਬਾਰ ਹਾਸਲ ਕਰਨਾ ਸੌਖਾ ਹੋ ਜਾਵੇਗਾ। CCI ਦੀ ਮਨਜ਼ੂਰੀ ਅਮਰੀਕਾ ਦੀ ਵਿਸ਼ਾਲ ਈ-ਕਾਮਰਸ ਕੰਪਨੀ ਐਮਾਜ਼ਾਨ (Amazon) ਲਈ ਇੱਕ ਵੱਡਾ ਝਟਕਾ ਹੈ।
ਦਰਅਸਲ, ਮੁਕੇਸ਼ ਅੰਬਾਨੀ ਦੇ ਰਿਲਾਇੰਸ ਇੰਡਸਟਰੀਜ਼ ਅਤੇ ਕਿਸ਼ੋਰ ਬਿਯਾਨੀ ਦੇ ਫਿਊਚਰ ਗਰੁੱਪ ਵਿਚਾਲੇ ਇੱਕ ਸੌਦਾ ਹੋਇਆ ਸੀ। ਡੀਲ ਦੇ ਤਹਿਤ ਰਿਲਾਇੰਸ ਨੇ ਫਿਊਚਰ ਗਰੁੱਪ ਦੇ ਪ੍ਰਚੂਨ, ਥੋਕ, ਵੇਅਰਹਾਊਸਿੰਗ ਅਤੇ ਲੌਜਿਸਟਿਕ ਕਾਰੋਬਾਰ ਨੂੰ ਹਾਸਲ ਕਰਨ ਲਈ 24,713 ਕਰੋੜ ਰੁਪਏ ਦੇ ਸੌਦੇ 'ਤੇ ਦਸਤਖ਼ਤ ਕੀਤੇ।ਇਸ ਸੌਦੇ ਨੂੰ ਹੁਣ CCI ਨੇ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ, ਰਿਲਾਇੰਸ ਇੰਡਸਟਰੀਜ਼ ਅਤੇ ਫਿਊਚਰ ਗਰੁੱਪ ਦੇ ਇਸ ਸੌਦੇ ਦਾ ਐਮਾਜ਼ਾਨ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਐਮਾਜ਼ਾਨ ਨੇ ਸੌਦੇ ਦਾ ਵਿਰੋਧ ਕਰਦਿਆਂ ਸਿੰਗਾਪੁਰ ਦੀ ਆਰਬਿਟਰੇਸ਼ਨ ਕੋਰਟ ਦਾ ਰੁੱਖ ਕੀਤਾ। ਉਸੇ ਸਮੇਂ, ਇਸ ਕੇਸ ਵਿੱਚ, ਆਰਬਿਟਰੇਸ਼ਨ ਕੋਰਟ ਨੇ ਐਮਾਜ਼ਾਨ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਅਤੇ ਸੌਦੇ ਤੇ ਅੰਤਰਿਮ ਸਟੇਅ ਲਾਈ ਸੀ। ਇਸ ਤੋਂ ਇਲਾਵਾ ਐਮਾਜ਼ਾਨ ਨੇ ਮਾਰਕੀਟ ਰੈਗੂਲੇਟਰ ਸੇਬੀ, ਸਟਾਕ ਐਕਸਚੇਂਜ ਅਤੇ ਸੀਸੀਆਈ ਨੂੰ ਸਾਲਸੀ ਅਦਾਲਤ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਕਾਰਵਾਈ ਕਰਨ ਲਈ ਲਿਖਿਆ ਸੀ।