ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਦੀਆਂ ਤਿੰਨ ਟੈਲੀਕਾਮ ਕੰਪਨੀਆਂ ਵੱਲੋਂ ਜੂਨ 2024 ਦੇ ਆਖਰੀ ਹਫਤੇ ਮੋਬਾਈਲ ਟੈਰਿਫ (Mobile tariff hike) ਵਧਾਉਣ ਦੇ ਫੈਸਲੇ ਦਾ ਹੁਣ ਉਨ੍ਹਾਂ ਉੱਤੇ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ। ਮਹਿੰਗੇ ਟੈਰਿਫ ਕਾਰਨ ਇਨ੍ਹਾਂ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਵਿੱਚ ਲਗਾਤਾਰ ਤੀਜੇ ਮਹੀਨੇ ਭਾਰੀ ਗਿਰਾਵਟ ਨਜ਼ਰ ਆਈ ਹੈ। ਸਭ ਤੋਂ ਵੱਡਾ ਝਟਕਾ ਮੁਕੇਸ਼ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੂੰ ਲੱਗਾ ਹੈ। ਟੈਲੀਕਾਮ ਸੈਕਟਰ ਰੈਗੂਲੇਟਰ ਟਰਾਈ ਦੇ ਅਨੁਸਾਰ, ਰਿਲਾਇੰਸ ਜੀਓ ਨੇ ਸਤੰਬਰ 2024 ਵਿੱਚ 7.9 ਮਿਲੀਅਨ ਜਾਂ 79 ਲੱਖ ਗਾਹਕ ਗੁਆ ਦਿੱਤੇ ਹਨ।
ਜੀਓ ਦੇ ਗਾਹਕਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਸਤੰਬਰ 2024 ਲਈ ਦੇਸ਼ ਦੇ ਦੂਰਸੰਚਾਰ ਗਾਹਕਾਂ ਦਾ ਡਾਟਾ ਜਾਰੀ ਕੀਤਾ ਹੈ। ਅਤੇ ਇਸ ਡੇਟਾ ਦੇ ਅਨੁਸਾਰ, ਸਤੰਬਰ ਮਹੀਨੇ ਵਿੱਚ ਰਿਲਾਇੰਸ ਜੀਓ ਦੇ ਮੋਬਾਈਲ ਗਾਹਕਾਂ ਦੀ ਗਿਣਤੀ ਵਿੱਚ 7.9 ਮਿਲੀਅਨ ਯਾਨੀ 79 ਲੱਖ ਦੀ ਕਮੀ ਆਈ ਹੈ। ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ ਅਗਸਤ ਮਹੀਨੇ ਵਿੱਚ 47.17 ਕਰੋੜ ਸੀ, ਜੋ ਸਤੰਬਰ ਮਹੀਨੇ ਵਿੱਚ ਘੱਟ ਕੇ 46.37 ਕਰੋੜ ਰਹਿ ਗਈ ਹੈ।
ਵੋਡਾਫੋਨ ਆਈਡੀਆ - ਭਾਰਤੀ ਏਅਰਟੈੱਲ ਨੂੰ ਵੀ ਝਟਕਾ ਲੱਗਾ ਹੈ
ਗਾਹਕਾਂ ਨੂੰ ਗੁਆਉਣ ਦੇ ਮਾਮਲੇ ਵਿੱਚ ਤੀਜੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਵੋਡਾਫੋਨ ਆਈਡੀਆ ਦੂਜੇ ਸਥਾਨ 'ਤੇ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 1.5 ਮਿਲੀਅਨ ਜਾਂ 15 ਲੱਖ ਘੱਟ ਗਈ ਹੈ।
ਅਗਸਤ 'ਚ ਵੋਡਾਫੋਨ ਆਈਡੀਆ ਦੇ ਕੁਲ 21.40 ਕਰੋੜ ਗਾਹਕ ਸਨ, ਜੋ ਸਤੰਬਰ ਮਹੀਨੇ 'ਚ ਘੱਟ ਕੇ 21.24 ਕਰੋੜ 'ਤੇ ਆ ਗਏ ਹਨ। ਭਾਰਤੀ ਏਅਰਟੈੱਲ ਦੇ ਮੋਬਾਈਲ ਗਾਹਕਾਂ ਦੀ ਗਿਣਤੀ ਵੀ 14 ਲੱਖ ਘਟ ਕੇ 38.34 ਕਰੋੜ ਰਹਿ ਗਈ ਹੈ।
BSNL ਦੀ ਹੋਈ ਚਾਂਦੀ
ਹਾਲਾਂਕਿ, ਜਿੱਥੇ ਤਿੰਨੋਂ ਨਿੱਜੀ ਟੈਲੀਕਾਮ ਕੰਪਨੀਆਂ ਨੇ ਗਾਹਕਾਂ ਨੂੰ ਗੁਆ ਦਿੱਤਾ ਹੈ, ਉੱਥੇ ਹੀ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਦੇ ਗਾਹਕਾਂ ਦੀ ਗਿਣਤੀ ਵਿੱਚ ਸਤੰਬਰ ਮਹੀਨੇ ਵਿੱਚ ਵਾਧਾ ਹੋਇਆ ਹੈ। ਬੀਐਸਐਨਐਲ ਦੇ ਵਾਇਰਲੈੱਸ ਗਾਹਕਾਂ ਦੀ ਗਿਣਤੀ ਸਤੰਬਰ ਮਹੀਨੇ ਵਿੱਚ 8.49 ਲੱਖ ਵਧੀ ਹੈ ਅਤੇ ਸਤੰਬਰ ਵਿੱਚ ਇਹ 9.18 ਕਰੋੜ ਤੱਕ ਪਹੁੰਚ ਗਈ ਹੈ।
ਟੈਰਿਫ ਵਧਾਉਣ ਦੇ ਨੁਕਸਾਨ
ਤਿੰਨੋਂ ਨਿੱਜੀ ਦੂਰਸੰਚਾਰ ਕੰਪਨੀਆਂ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ 27 ਅਤੇ 28 ਜੂਨ 2024 ਨੂੰ ਮੋਬਾਈਲ ਟੈਰਿਫ ਵਿੱਚ 10 ਤੋਂ 21 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕੀਤਾ, ਜੋ ਜੁਲਾਈ 2024 ਦੇ ਪਹਿਲੇ ਹਫ਼ਤੇ ਤੋਂ ਲਾਗੂ ਹੋਇਆ ਸੀ।
ਹੁਣ ਇਹ ਫੈਸਲਾ ਇਨ੍ਹਾਂ ਕੰਪਨੀਆਂ ਨੂੰ ਭਾਰੀ ਪੈ ਰਿਹਾ ਹੈ ਜਦੋਂਕਿ ਬੀਐਸਐਨਐਲ, ਜਿਸ ਨੇ ਟੈਰਿਫ ਵਿੱਚ ਵਾਧਾ ਨਹੀਂ ਕੀਤਾ ਹੈ, ਨੇ ਲਗਾਤਾਰ ਤਿੰਨ ਮਹੀਨਿਆਂ ਤੋਂ ਆਪਣੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਹੈ।