ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਜੀਐਸਟੀ ਸਟ੍ਰਕਚਰ ਵਿੱਚ ਸੁਧਾਰ ਨਾਲ ਆਮ ਆਦਮੀ, ਕਿਸਾਨਾਂ, ਮਿਡਲ ਕਲਾਸ ਅਤੇ ਛੋਟੇ ਕਾਰੋਬਾਰੀਆਂ (MSMEs) ਨੂੰ ਰਾਹਤ ਮਿਲੇਗੀ। ਇਸ ਸੁਧਾਰ ਹੇਠ 2 ਫੀਸਦੀ ਅਤੇ 28 ਫੀਸਦੀ ਵਾਲੇ ਟੈਕਸ ਸਲੇਬ ਖਤਮ ਕਰਕੇ ਸਿਰਫ਼ 5 ਫੀਸਦੀ ਅਤੇ 18 ਫੀਸਦੀ ਦੇ ਸਲੇਬ ਰੱਖਣ ਦਾ ਪ੍ਰਸਤਾਵ ਹੈ।

ਜ਼ਰੂਰੀ ਸਮਾਨ ਸਸਤੇ ਹੋਣਗੇ

ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ 2.0 ਨਾਲ ਟੈਕਸ ਸਿਸਟਮ ਆਸਾਨ, ਪਾਰਦਰਸ਼ੀ ਅਤੇ ਵਿਕਾਸ-ਕੇਂਦਰਿਤ ਹੋਵੇਗਾ। ਵਿੱਤ ਮੰਤਰਾਲੇ ਦੇ ਆਪਣੇ ਅਧਿਕਾਰਿਕ X ਅਕਾਊਂਟ 'ਤੇ ਇੱਕ ਪੋਸਟ ਮੁਤਾਬਕ, ਸੀਤਾਰਮਣ ਨੇ ਕਿਹਾ ਕਿ ਇਸ ਨਾਲ ਜ਼ਰੂਰੀ ਸਮਾਨ ਸਸਤੇ ਹੋਣਗੇ, ਜਿਸ ਨਾਲ ਉਹਨਾਂ ਦੀ ਖਪਤ ਵਧੇਗੀ। ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਜੀਐਸਟੀ ਕੌਂਸਲ ਦੇ ਮੰਤਰੀਆਂ ਦੇ ਸਮੂਹ (GoM) ਦੀ ਮੀਟਿੰਗ ਹੋਈ।

GST 2.0 ਨਾਲ ਆਤਮਨਿਰਭਰ ਬਣੇਗਾ ਭਾਰਤ

ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਸਿਸਟਮ ਨਾਲ ਲੋਕ ਆਤਮਨਿਰਭਰ ਬਣਣਗੇ ਅਤੇ ਮੈਨਿਊਫੈਕਚਰਿੰਗ ਤੇ MSME ਸੈਕਟਰ ਨੂੰ ਵਧਾਵਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਨੂੰ ਆਤਮਨਿਰਭਰ ਬਣਾਉਣ ਵੱਲ ਇਕ ਵੱਡਾ ਕਦਮ ਹੈ। ਇਸ ਦੌਰਾਨ ਉਨ੍ਹਾਂ ਨੇ GoMs ਅੱਗੇ ਅਗਲੀ ਪੀੜ੍ਹੀ ਦੇ GST ਸੁਧਾਰਾਂ ਲਈ ਕੇਂਦਰ ਸਰਕਾਰ ਦੀ ਯੋਜਨਾ ਵੀ ਰੱਖੀ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੇਂਦਰ ਸਰਕਾਰ ਰਾਜਾਂ ਨਾਲ ਮਿਲਕੇ ਇਸ ’ਤੇ ਸਹਿਮਤੀ ਬਣਾਵੇਗੀ।

 

 

 

ਅਗਲੀ ਮੀਟਿੰਗ 'ਚ ਇਨ੍ਹਾਂ ’ਤੇ ਹੋਵੇਗੀ ਚਰਚਾ

ਪੀਟੀਆਈ ਦੀ ਰਿਪੋਰਟ ਅਨੁਸਾਰ, ਮੀਟਿੰਗ ਦੌਰਾਨ ਵਿੱਤ ਮੰਤਰੀ ਦਾ ਸੰਬੋਧਨ ਲਗਭਗ 20 ਮਿੰਟ ਦਾ ਰਿਹਾ। ਇਸ ਦੌਰਾਨ ਉਨ੍ਹਾਂ ਨੇ ਸਮਝਾਇਆ ਕਿ GST ਸਟ੍ਰਕਚਰ ਵਿੱਚ ਸੁਧਾਰ ਕਿਉਂ ਜ਼ਰੂਰੀ ਹਨ ਅਤੇ ਇਸ ਦੇ ਕੀ ਫਾਇਦੇ ਹਨ। ਉਨ੍ਹਾਂ ਨੇ ਰਾਜਾਂ ਨੂੰ ਵੀ ਇਸ ਬਦਲਾਅ ਦਾ ਸਮਰਥਨ ਕਰਨ ਲਈ ਕਿਹਾ। GoM ਦੀ ਅਗਲੀ ਮੀਟਿੰਗ 21 ਅਗਸਤ ਨੂੰ ਹੋਵੇਗੀ, ਜਿਸ ਵਿੱਚ ਟੈਕਸ ਸਲੈਬ ਆਸਾਨ ਬਣਾਉਣ ਦੇ ਨਾਲ-ਨਾਲ ਇੰਸ਼ੋਰੈਂਸ ਟੈਕਸ ਅਤੇ ਮੁਆਵਜ਼ਾ ਉਪਕਰ 'ਤੇ ਚਰਚਾ ਹੋਵੇਗੀ।

ਇਨ੍ਹਾਂ ਤਿੰਨ ਪਿਲਰਾਂ ‘ਤੇ ਆਧਾਰਿਤ ਹੈ GST 2.0

ਨਵੇਂ GST ਸਟ੍ਰਕਚਰ ਅਧੀਨ ਵਸਤਾਂ ‘ਤੇ 5% ਅਤੇ 18% ਦੀ ਦਰ ਨਾਲ ਕਰ ਲਗਾਇਆ ਜਾਵੇਗਾ। ਪਾਨ ਮਸਾਲਾ, ਤਮਾਕੂ ਅਤੇ ਆਨਲਾਈਨ ਗੇਮਿੰਗ ਵਰਗੀਆਂ 5-7 "Sinful Goods" ‘ਤੇ 40% ਤੱਕ ਟੈਕਸ ਵਸੂਲਣ ਦੀ ਗੱਲ ਕਹੀ ਗਈ ਹੈ। GST ਰੀਫਾਰਮ ਅਧੀਨ ਟੈਕਸ ਸਲੈਬ ਨੂੰ 4 ਤੋਂ ਘਟਾ ਕੇ 2 ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ‘ਚ GST ਵਿੱਚ 5%, 12%, 18% ਅਤੇ 28% ਦੀਆਂ ਚਾਰ ਦਰਾਂ ਲਾਗੂ ਹਨ। ਇਸ ਵੇਲੇ ਜਰੂਰੀ ਖਾਦ ਪਦਾਰਥਾਂ ‘ਤੇ 5% ਜਾਂ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ, ਜਦਕਿ ਲਗਜ਼ਰੀ ਅਤੇ ਹਾਨੀਕਾਰਕ ਸਮਾਨ ‘ਤੇ 28% ਟੈਕਸ ਹੈ।

ਸੀਤਾਰਮਣ ਨੇ ਕਿਹਾ ਕਿ GST 2.0 ਤਿੰਨ ਪਿਲਰਾਂ ‘ਤੇ ਆਧਾਰਿਤ ਹੈ — ਸਟ੍ਰਕਚਰਲ ਰੀਫਾਰਮ, ਦਰਾਂ ਦਾ ਸਰਲੀਕਰਨ ਅਤੇ ਜੀਵਨ ਨੂੰ ਆਸਾਨ ਬਣਾਉਣਾ।