Tomato Onion and Potato Rate: ਪਿਛਲੇ ਕੁਝ ਸਮੇਂ ਤੋਂ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ। ਪਹਿਲਾਂ ਤੇਜ਼ ਗਰਮੀ ਅਤੇ ਫਿਰ ਮੀਂਹ ਕਰਕੇ ਇਨ੍ਹਾਂ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵੱਧ ਰਹੇ ਸਨ। ਹੁਣ ਸਰਕਾਰ ਨੇ ਉਮੀਦ ਜਤਾਈ ਹੈ ਕਿ ਹਾਲਾਤ ਸੁਧਰ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਸਬਜ਼ੀਆਂ ਦੇ ਭਾਅ ਘੱਟ ਹੋਣੇ ਸ਼ੁਰੂ ਹੋ ਜਾਣਗੇ। ਦੱਖਣੀ ਭਾਰਤ ਦੇ ਰਾਜਾਂ ਤੋਂ ਵੀ ਸਪਲਾਈ ਵਧਣ ਦੀ ਪੂਰੀ ਉਮੀਦ ਹੈ। ਅਜਿਹੇ 'ਚ ਟਮਾਟਰ, ਪਿਆਜ਼ ਅਤੇ ਆਲੂ ਦੇ ਰੇਟ ਹੇਠਾਂ ਆਉਣ ਨਾਲ ਜਨਤਾ ਨੂੰ ਰਾਹਤ ਮਿਲੇਗੀ।

ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 75 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 83 ਰੁਪਏ ਪ੍ਰਤੀ ਕਿਲੋ ਅਤੇ ਕੋਲਕਾਤਾ ਵਿੱਚ 80 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਸਪਲਾਈ ਵਧਣ ਕਰਕੇ ਟਮਾਟਰ ਦੀ ਕੀਮਤ ਵੱਧ ਰਹੀ ਸੀ। ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ ਤੇਜ਼ ਗਰਮੀ ਅਤੇ ਜ਼ਿਆਦਾ ਮੀਂਹ ਕਾਰਨ ਸਪਲਾਈ 'ਚ ਕਾਫੀ ਦਿੱਕਤਾਂ ਆਈਆਂ। ਇਸ ਕਾਰਨ ਕੀਮਤਾਂ 'ਚ ਵਾਧੇ ਨੂੰ ਰੋਕਿਆ ਨਹੀਂ ਜਾ ਸਕਿਆ।

ਸਬਸਿਡੀ ਵਾਲੀ ਬਿਕਰੀ ਫਿਰ ਤੋਂ ਨਹੀਂ ਹੋਵੇਗੀ ਸ਼ੁਰੂ

ਮੰਤਰਾਲੇ ਦੇ ਅੰਕੜਿਆਂ ਮੁਤਾਬਕ 12 ਜੁਲਾਈ ਨੂੰ ਟਮਾਟਰ ਦੀ ਔਸਤ ਪ੍ਰਚੂਨ ਕੀਮਤ 65.21 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਸਾਲ ਇਹ ਅੰਕੜਾ 53.36 ਰੁਪਏ ਪ੍ਰਤੀ ਕਿਲੋ ਸੀ। ਦਿੱਲੀ ਵਿੱਚ ਟਮਾਟਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਆ ਰਹੇ ਹਨ। ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਹਾਈਬ੍ਰਿਡ ਟਮਾਟਰ ਆਉਣ ਦੇ ਨਾਲ ਹੀ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ, ਸਰਕਾਰ ਟਮਾਟਰਾਂ ਦੀ ਸਬਸਿਡੀ ਵਾਲੀ ਵਿਕਰੀ ਦੁਬਾਰਾ ਸ਼ੁਰੂ ਨਹੀਂ ਕਰੇਗੀ। ਪਿਛਲੇ ਸਾਲ ਇਹ ਉਪਾਅ ਉਦੋਂ ਲਾਗੂ ਕੀਤਾ ਗਿਆ ਸੀ ਜਦੋਂ ਕੀਮਤ 110 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ।

ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ 283 ਲੱਖ ਟਨ ਆਲੂ ਸਟੋਰਾਂ ਵਿੱਚ ਹਨ। ਪਿਛਲੇ ਸਾਲ ਦੇ ਮੁਕਾਬਲੇ ਘੱਟ ਉਤਪਾਦਨ ਦੇ ਬਾਵਜੂਦ ਇਹ ਘਰੇਲੂ ਮੰਗ ਨੂੰ ਪੂਰਾ ਕਰ ਸਕਦਾ ਹੈ। ਮਹਾਰਾਸ਼ਟਰ ਦੇ ਥੋਕ ਬਾਜ਼ਾਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਸਤੰਬਰ ਵਿੱਚ ਨਵੀਂ ਫਸਲ ਆਉਣ ਨਾਲ ਰੇਟ ਹੋਰ ਘੱਟ ਜਾਣਗੇ। ਦਿੱਲੀ ਵਿੱਚ ਆਲੂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਸੀ। ਦੂਜੇ ਪਾਸੇ ਪਿਆਜ਼ ਦੀ ਕੀਮਤ 57 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅੰਕੜਿਆਂ ਮੁਤਾਬਕ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਜੂਨ 'ਚ ਪ੍ਰਚੂਨ ਮਹਿੰਗਾਈ ਦਰ 5.08 ਫੀਸਦੀ ਦੇ ਚਾਰ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ।