RBI 2000 Currency Note : 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। RBI ਨੇ ਐਲਾਨ ਕੀਤਾ ਹੈ ਕਿ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2000 ਦੇ ਨੋਟ ਜਾਰੀ ਨਾ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ RBI ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤੱਕ ਵੈਧ ਮੰਨੇ ਜਾਣਗੇ। 2000 ਰੁਪਏ ਦੇ ਨੋਟ 30 ਸਤੰਬਰ ਤੱਕ ਬੈਂਕਾਂ 'ਚ ਜਮ੍ਹਾ ਕਰਵਾਉਣੇ ਹੋਣਗੇ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 2000 ਰੁਪਏ ਦੇ ਨੋਟ ਨੂੰ ਆਰਬੀਆਈ ਦੇ 19 ਖੇਤਰੀ ਦਫਤਰਾਂ ਵਿੱਚ ਦੂਜੇ ਨੋਟਾਂ ਨਾਲ ਬਦਲਿਆ ਜਾ ਸਕਦਾ ਹੈ।


 

ਕਦੋਂ ਅਤੇ ਕਿੰਨੇ ਬਦਲੇ ਜਾ ਸਕਦੇ ਹਨ 2000 ਰੁਪਏ ਦੇ ਨੋਟ  


ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਸਰਕੂਲਰ 'ਚ ਕਿਹਾ ਹੈ ਕਿ 2000 ਰੁਪਏ ਦੇ ਨੋਟ ਨੂੰ ਬਦਲਣ 'ਤੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ, ਬਾਅਦ ਵਿੱਚ ਇਸਦੇ ਲਈ ਵਿਸਤ੍ਰਿਤ ਨਿਯਮ ਜਾਰੀ ਕੀਤੇ ਜਾਣਗੇ। ਇਹ ਨੋਟ 23 ਮਈ ਤੋਂ ਬਦਲੇ ਜਾ ਸਕਦੇ ਹਨ। 2000 ਰੁਪਏ ਦੇ ਨੋਟ 20 ਹਜ਼ਾਰ ਰੁਪਏ ਦੀ ਲਿਮਟ ਤੱਕ ਬਦਲੇ ਜਾ ਸਕਦੇ ਹਨ। ਇਸ ਕਰੰਸੀ ਨੂੰ 23 ਮਈ 2023 ਤੋਂ ਬਦਲਿਆ ਜਾ ਸਕਦਾ ਹੈ।

 

ਜੇ ਕੋਈ ਨੋਟ ਬਦਲਣ ਤੋਂ ਇਨਕਾਰ ਕਰਦਾ ਹੈ ਤਾਂ ਕੀ ਕਰਨਾ ਹੈ?


ਜੇਕਰ ਤੁਹਾਡੇ ਕੋਲ 2000 ਰੁਪਏ ਦੇ ਨੋਟ ਹਨ ਅਤੇ ਤੁਸੀਂ ਇਸਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਵਿੱਚ ਜਾ ਕੇ ਜਮ੍ਹਾ ਕਰ ਸਕਦੇ ਹੋ। 30 ਸਤੰਬਰ 2023 ਤੋਂ ਪਹਿਲਾਂ ਜੇਕਰ ਕੋਈ ਦੁਕਾਨਦਾਰ, ਬੈਂਕ ਸ਼ਾਖਾ ਜਾਂ ਕੋਈ ਹੋਰ ਬੈਂਕ ਨੋਟ 2000 ਰੁਪਏ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ।

 ਕਿੱਥੇ ਸ਼ਿਕਾਇਤ ਕਰ ਸਕਦੇ ਹਾਂ


ਜੇਕਰ ਕੋਈ ਵਿਅਕਤੀ ਨੋਟ ਬਦਲਣ ਤੋਂ ਇਨਕਾਰ ਕਰਦਾ ਹੈ ਤਾਂ ਗਾਹਕ ਆਪਣੇ ਬੈਂਕ ਵਿੱਚ ਜਾ ਕੇ ਸ਼ਿਕਾਇਤ ਦਰਜ ਕਰ ਸਕਦਾ ਹੈ। ਹਾਲਾਂਕਿ, ਜੇਕਰ ਬੈਂਕ ਵੀ 30 ਦਿਨਾਂ ਦੇ ਅੰਦਰ ਜਵਾਬ ਨਹੀਂ ਦਿੰਦਾ ਹੈ ਜਾਂ ਸ਼ਿਕਾਇਤਕਰਤਾ ਬੈਂਕ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ RBI ਪੋਰਟਲ cms.rbi.org.in 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

 ਕਦੋਂ ਜਾਰੀ ਹੋਏ ਸੀ 2000 ਰੁਪਏ ਦੇ ਨੋਟ 


ਪਹਿਲੀ ਵਾਰ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ ਅਤੇ ਇਸ ਦੀ ਥਾਂ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ।