Employee PF : ਜੇਕਰ ਇਸ ਮਹੀਨੇ ਤੁਹਾਡੀ ਇਨ-ਹੈਂਡ (In-hand Salary) ਤਨਖਾਹ ਪਹਿਲਾਂ ਨਾਲੋਂ ਘੱਟ ਆਈ ਹੈ ਤਾਂ ਇਸ ਦੇ ਪਿੱਛੇ PF ਕਟੌਤੀ ਨਾਲ ਜੁੜਿਆ ਬਦਲਾਅ ਹੋ ਸਕਦਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਅਤੇ ਨਵੇਂ ਵੇਜ ਕੋਡ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 17 ਸਤੰਬਰ ਤੋਂ PF ਦੀ ਗਣਨਾ ਲਈ ਤਨਖਾਹ ਦੀ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ ਗਈ ਹੈ। ਇਸ ਕਾਰਨ ਪਹਿਲਾਂ ਜਿੱਥੇ ਕਰਮਚਾਰੀ ਦੀ ਤਨਖਾਹ ਵਿੱਚੋਂ ਵੱਧ ਤੋਂ ਵੱਧ 1,800 ਰੁਪਏ PF ਕੱਟਦੇ ਸਨ, ਉੱਥੇ ਹੁਣ ਇਹ ਰਕਮ ਵਧ ਕੇ 3,000 ਰੁਪਏ ਹੋ ਸਕਦੀ ਹੈ। ਯਾਨੀ ਹਰ ਮਹੀਨੇ ਇਨ-ਹੈਂਡ ਤਨਖਾਹ ਵਿੱਚੋਂ 1,200 ਰੁਪਏ ਵਾਧੂ ਕੱਟੇ ਜਾ ਸਕਦੇ ਹਨ।
ਹਾਲਾਂਕਿ, ਇਸ ਨਾਲ ਘਬਰਾਉਣ ਦੀ ਲੋੜ ਨਹੀਂ ਹੈ। PF ਵਿੱਚ ਵੱਧ ਪੈਸੇ ਜਮ੍ਹਾਂ ਹੋਣ ਦਾ ਫਾਇਦਾ ਭਵਿੱਖ ਵਿੱਚ ਰਿਟਾਇਰਮੈਂਟ ਸਮੇਂ ਮਿਲ ਸਕਦਾ ਹੈ। ਕਰਮਚਾਰੀ ਦੇ ਨਾਲ ਕੰਪਨੀ ਵੱਲੋਂ ਵੀ PF ਅਤੇ ਪੈਨਸ਼ਨ ਖਾਤੇ ਵਿੱਚ ਵੱਧ ਯੋਗਦਾਨ ਪਾਇਆ ਜਾਵੇਗਾ।
PF ਕਟੌਤੀ ਦਾ ਵਧਿਆ ਦਾਇਰਾ
ਪਹਿਲਾਂ PF ਦੀ ਗਣਨਾ ਲਈ 15,000 ਰੁਪਏ ਦੀ ਮਹੀਨਾਵਾਰ ਤਨਖਾਹ ਸੀਮਾ ਦੇ ਆਧਾਰ 'ਤੇ ਕਰਮਚਾਰੀ ਦਾ ਵੱਧ ਤੋਂ ਵੱਧ 1,800 ਰੁਪਏ ਯੋਗਦਾਨ ਹੁੰਦਾ ਸੀ। ਹੁਣ 25,000 ਰੁਪਏ ਦੀ ਸੀਮਾ ਦੇ ਆਧਾਰ 'ਤੇ 12 ਫੀਸਦੀ ਦੇ ਹਿਸਾਬ ਨਾਲ ਇਹ ਰਕਮ 3,000 ਰੁਪਏ ਹੋ ਸਕਦੀ ਹੈ।
ਪਹਿਲਾਂ ਕੰਪਨੀ ਵੱਲੋਂ ਪੈਨਸ਼ਨ ਖਾਤੇ (EPS) ਵਿੱਚ ਵੱਧ ਤੋਂ ਵੱਧ 1,250 ਰੁਪਏ ਜਮ੍ਹਾਂ ਕਰਵਾਏ ਜਾਂਦੇ ਸਨ। ਨਵੀਂ ਸੀਮਾ ਮੁਤਾਬਕ ਇਹ ਰਕਮ ਵਧ ਕੇ ਲਗਭਗ 2,083 ਰੁਪਏ ਹੋ ਸਕਦੀ ਹੈ। ਇਸ ਤਰ੍ਹਾਂ ਪਹਿਲਾਂ ਕਰਮਚਾਰੀ ਅਤੇ ਕੰਪਨੀ ਦੋਵਾਂ ਦਾ ਕੁੱਲ ਯੋਗਦਾਨ 3,600 ਰੁਪਏ ਬਣਦਾ ਸੀ, ਜਦਕਿ ਨਵੀਂ 25,000 ਰੁਪਏ ਦੀ ਸੀਮਾ ਦੇ ਆਧਾਰ 'ਤੇ ਇਹ ਵਧ ਕੇ 6,000 ਰੁਪਏ ਹੋ ਸਕਦਾ ਹੈ।
ਕੰਪਨੀ ਦੇ ਪੈਸੇ ਕਿਹੜੇ ਖਾਤੇ ਵਿੱਚ ਜਾਣਗੇ?
ਕੰਪਨੀ ਵੱਲੋਂ ਦਿੱਤੇ ਜਾਣ ਵਾਲੇ 12 ਫੀਸਦੀ ਯੋਗਦਾਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
EPF ਖਾਤਾ: 3.67 ਫੀਸਦੀ ਦੇ ਹਿਸਾਬ ਨਾਲ ਲਗਭਗ 917.50 ਰੁਪਏ।EPS ਪੈਨਸ਼ਨ ਖਾਤਾ: 8.33 ਫੀਸਦੀ ਦੇ ਹਿਸਾਬ ਨਾਲ ਲਗਭਗ 2,082.50 ਰੁਪਏ।
ਇਸ ਤਰ੍ਹਾਂ ਕੰਪਨੀ ਦਾ ਕੁੱਲ 3,000 ਰੁਪਏ ਦਾ ਯੋਗਦਾਨ ਤੁਹਾਡੇ PF ਅਤੇ ਪੈਨਸ਼ਨ ਖਾਤਿਆਂ ਵਿੱਚ ਜਮ੍ਹਾਂ ਹੋਵੇਗਾ।
ਰਿਟਾਇਰਮੈਂਟ ਸਮੇਂ ਮਿਲੇਗਾ ਵੱਡਾ ਫਾਇਦਾ
ਜੇਕਰ ਹਰ ਮਹੀਨੇ PF ਵਿੱਚ ਵਾਧੂ 2,400 ਰੁਪਏ ਜਮ੍ਹਾਂ ਹੁੰਦੇ ਹਨ, ਜਿਸ ਵਿੱਚ 1,200 ਰੁਪਏ ਕਰਮਚਾਰੀ ਅਤੇ 1,200 ਰੁਪਏ ਕੰਪਨੀ ਵੱਲੋਂ ਵਾਧੂ ਯੋਗਦਾਨ ਹੈ, ਤਾਂ ਲੰਬੇ ਸਮੇਂ ਵਿੱਚ ਇਸ ਦਾ ਫਾਇਦਾ ਮਿਲ ਸਕਦਾ ਹੈ। ਇਸ ਜਮ੍ਹਾਂ ਰਕਮ 'ਤੇ EPFO ਵੱਲੋਂ ਐਲਾਨੀ ਵਿਆਜ ਦਰ ਅਨੁਸਾਰ ਵਿਆਜ ਵੀ ਮਿਲਦਾ ਹੈ। ਕੰਪਾਊਂਡ ਵਿਆਜ (Compound Interest) ਕਾਰਨ ਰਿਟਾਇਰਮੈਂਟ ਤੱਕ ਇਹ ਰਕਮ ਕਾਫੀ ਵਧ ਸਕਦੀ ਹੈ।ਇਸ ਲਈ ਤਨਖਾਹ ਵਿੱਚ ਕਟੌਤੀ ਹੋਣ ਦੇ ਬਾਵਜੂਦ PF ਵਿੱਚ ਵਧੇਰੇ ਜਮ੍ਹਾਂ ਰਕਮ ਭਵਿੱਖ ਲਈ ਬਚਤ ਦਾ ਸਾਧਨ ਬਣ ਸਕਦੀ ਹੈ।