Salary Hike In 2023: ਭਾਵੇਂ ਗਲੋਬਲ ਸੰਕਟ ਕਾਰਨ ਸਾਲ 2023 'ਚ ਕਾਰਪੋਰੇਟ ਜਗਤ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਪਰ ਸਾਲ 2022 ਦੇ ਮੁਕਾਬਲੇ 2023 'ਚ ਭਾਰਤੀ ਕਾਰਪੋਰੇਟ ਜਗਤ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਹੋਰ ਵਾਧਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਜਿੱਥੇ ਸਾਲ 2022 'ਚ ਔਸਤਨ ਤਨਖਾਹ 'ਚ 9.2 ਫ਼ੀਸਦੀ ਦਾ ਵਾਧਾ ਹੋਇਆ ਸੀ, ਪਰ ਸਾਲ 2023 'ਚ ਇਸ ਵਿੱਚ 9.8 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ ਅਤੇ ਜਿਹੜੇ ਲੋਕ ਜ਼ਿਆਦਾ ਪ੍ਰਤਿਭਾਸ਼ਾਲੀ ਹਨ, ਉਨ੍ਹਾਂ ਦੀ ਆਪਣੀ ਤਨਖਾਹ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।


ਕੋਰਨ ਫੈਰੀ (Korn Ferry) ਦੇ ਤਾਜ਼ਾ ਸਰਵੇਖਣ ਅਨੁਸਾਰ ਕੰਪਨੀਆਂ ਦਾ ਧਿਆਨ ਇਸ ਗੱਲ 'ਤੇ ਹੈ ਕਿ ਜ਼ਿਆਦਾ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਪਨੀਆਂ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਚਾਹੀਦਾ। ਇਸ ਦੇ ਲਈ ਕੰਪਨੀਆਂ ਵੱਖ-ਵੱਖ ਤਰ੍ਹਾਂ ਦੇ ਟੈਲੇਂਟ ਮੈਨੇਜ਼ਮੈਂਟ ਸਟੈੱਪਸ, ਫਾਰਮਲ ਰਿਟੈਂਸ਼ਨ ਅਤੇ ਵੱਧ ਤਨਖਾਹ ਦੇ ਕੇ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਹ ਸਰਵੇਖਣ 818 ਕੰਪਨੀਆਂ 'ਚ ਕੀਤਾ ਗਿਆ ਸੀ, ਜਿਸ 'ਚ ਮੰਨਿਆ ਗਿਆ ਸੀ ਕਿ ਸਾਲ 2023 'ਚ ਔਸਤ ਤਨਖਾਹ 'ਚ 9.8 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਸਾਲ 2020 'ਚ ਕੋਰੋਨਾ ਕਾਲ ਦੌਰਾਨ ਮੁਲਾਜ਼ਮਾਂ ਦੀ ਔਸਤ ਤਨਖਾਹ 'ਚ ਸਿਰਫ਼ 6.8 ਫ਼ੀਸਦੀ ਦਾ ਵਾਧਾ ਹੋਇਆ ਸੀ।


ਸਰਵੇਖਣ ਅਨੁਸਾਰ ਲਾਈਫ਼ ਸਾਇੰਸਿਜ ਅਤੇ ਹੈਲਥਕੇਅਰ 'ਚ 10.2 ਫ਼ੀਸਦੀ ਅਤੇ ਹਾਈ ਟੈਕਨੋਲਾਜੀ ਸੈਕਟਰਸ 'ਚ 10.4 ਫ਼ੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਵਿਸਿਜ਼ 'ਚ 9.8 ਫ਼ੀਸਦੀ, ਆਟੋਮੋਟਿਵ 'ਚ 9 ਫ਼ੀਸਦੀ, ਕੈਮੀਕਲਸ 'ਚ 9.6 ਫ਼ੀਸਦੀ, ਕੰਜਿਊਮਰ ਗੁਡਸ 'ਚ 9.8 ਫ਼ੀਸਦੀ ਅਤੇ ਰਿਟੇਲ 'ਚ 9 ਫ਼ੀਸਦੀ ਦੀ ਔਸਤ ਤਨਖਾਹ ਵਾਧੇ ਦੀ ਉਮੀਦ ਹੈ।


Korn Ferry ਦੇ ਰਿਜਨਲ ਮੈਨੇਜਿੰਗ ਡਾਇਰੈਕਟਰ ਨਵਨੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ 'ਚ ਮੰਦੀ ਅਤੇ ਵਿਸ਼ਵ ਆਰਥਿਕ ਸੰਕਟ ਦੀ ਚਰਚਾ ਹੈ, ਪਰ ਭਾਰਤੀ ਅਰਥਚਾਰੇ ਬਾਰੇ ਸਕਾਰਾਤਮਕ ਸੋਚ ਹੈ ਕਿ ਭਾਰਤ ਦੀ ਜੀਡੀਪੀ 6 ਫ਼ੀਸਦੀ ਤੋਂ ਉੱਪਰ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ 'ਚ ਟਾਪ ਟੈਲੇਂਟ ਵਾਲੇ ਲੋਕਾਂ ਦੀ ਤਨਖਾਹ 'ਚ 15 ਤੋਂ 30 ਫ਼ੀਸਦੀ ਵਾਧਾ ਦੇਖਿਆ ਜਾ ਸਕਦਾ ਹੈ।


ਸਰਵੇਖਣ ਦੇ ਅਨੁਸਾਰ ਮੈਕਰੋ-ਇਕੋਨਾਮਿਕ ਆਊਟਲੁੱਕ ਪਾਜ਼ੀਟਿਵ ਹੈ, ਪਰ ਗਾਹਕਾਂ ਦੀਆਂ ਲਗਾਤਾਰ ਬਦਲਦੀਆਂ ਤਰਜ਼ੀਹਾਂ, ਡਿਜ਼ੀਟਲ ਟਰਾਂਸਫਾਰਮੇਸ਼ਨ, ਵਧਦੀ ਭਾਗੀਦਾਰੀ, ਕਾਰੋਬਾਰ 'ਤੇ ਨਵੇਂ ਕਿਸਮ ਦੇ ਦਬਾਅ ਵੱਧਦੇ ਜਾ ਰਹੇ ਹਨ। ਇਸ ਦਬਾਅ 'ਚ ਅੱਗੇ ਰਹਿਣ ਅਤੇ ਮੰਗ ਦਾ ਸਾਹਮਣਾ ਕਰਨ ਲਈ ਕਾਰਪੋਰੇਟਸ ਨੂੰ ਵਰਕਫੋਰਸ ਨੂੰ ਟਰਾਂਸਫਾਰਮ ਕਰਨਾ ਹੋਵੇਗਾ। ਸਰਵੇ 'ਚ 60 ਫ਼ੀਸਦੀ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਈਬ੍ਰਿਡ ਮਾਡਲ ਅਪਣਾਇਆ ਹੋਇਆ ਹੈ।