ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਅੱਜ 5 ਮਾਰਚ ਨੂੰ ਪੂਰੇ ਦੇਸ਼ ’ਚ ਆਪਣੇ ਕੋਲ ਗਿਰਵੀ ਪਈਆਂ ਸੰਪਤੀਆਂ ਦੀ ਵੱਡੇ ਪੱਧਰ ਉੱਤੇ ‘ਇਲੈਕਟ੍ਰੌਨਿਕ ਨੀਲਾਮੀ’ (e-auction) ਕਰ ਰਿਹਾ ਹੈ। ਇਨ੍ਹਾਂ ਸੰਪਤੀਆਂ ਵਿੱਚ ਰਿਹਾਇਸ਼ੀ ਮਕਾਨ, ਬੰਗਲੇ ਜਾਂ ਪਲਾਟ, ਵਪਾਰਕ ਦੁਕਾਨਾਂ ਜਾਂ ਪਲਾਟ ਜਾਂ ਅਜਿਹੀਆਂ ਹੀ ਉਦਯੋਗਿਕ ਜਾਇਦਾਦਾਂ ਸ਼ਾਮਲ ਹਨ। ਇਹ ਜਾਣਕਾਰੀ SBI ਨੇ ਅੱਜ ਇੱਕ ਟਵੀਟ ਰਾਹੀਂ ਦਿੱਤੀ। ਬੈਂਕ ਨੇ ਦੱਸਿਆ ਕਿ ਕਿਸੇ ਵੀ ਸੰਪਤੀ ਦੀ ਆੱਨਲਾਈਨ ਬੋਲੀ ਲਾਈ ਜਾ ਸਕਦੀ ਹੈ।
ਦਰਅਸਲ, SBI ਨੇ ਉਹ ਸੰਪਤੀਆਂ ਇਸ ਇਲੈਕਟ੍ਰੌਨਿਕ ਨੀਲਾਮੀ ਰਾਹੀਂ ਵੇਚਣੀਆਂ ਹਨ, ਜਿਹੜੀਆਂ ਅਸਲ ’ਚ ਉਸ ਦੇ ਕਰਜ਼ਦਾਰਾਂ ਦੀਆਂ ਹਨ ਪਰ ਉਹ ਕਿਸੇ ਕਾਰਨ ਕਰਕੇ ਬੈਂਕ ਦੀਆਂ ਕਿਸ਼ਤਾਂ ਅਦਾ ਨਹੀਂ ਕਰ ਸਕੇ। ਲੋਨ ਦੀਆਂ ਆਪਣੀਆਂ ਮੋਟੀਆਂ ਰਕਮਾਂ ਵਾਪਸ ਲੈਣ ਲਈ ਹੀ ਬੈਂਕ ਹੁਣ ਇਹ ਸੰਪਤੀਆਂ ਨੀਲਾਮ ਕਰ ਰਿਹਾ ਹੈ।
SBI ਨੇ ਇਸ ਸਬੰਧੀ ਜਿੱਥੇ ਅਖ਼ਬਾਰਾਂ ’ਚ ਇਸ਼ਤਿਹਾਰ ਦਿੱਤਾ ਹੈ, ਉੱਥੇ ਫ਼ੇਸਬੁੱਕ, ਟਵਿਟਰ, ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਉੱਤੇ ਵੀ ਇਸ ਨੀਲਾਮੀ ਦਾ ਖ਼ੂਬ ਪ੍ਰਚਾਰ ਤੇ ਪਾਸਾਰ ਕੀਤਾ ਹੈ।
SBI ਦੀ ਇਸ ਵਿਸ਼ਾਲ ਈ–ਆੱਕਸ਼ਨ ਵਿੱਚ ਤੁਸੀਂ ਇੰਝ ਭਾਗ ਲੈ ਸਕਦੇ ਹੋ:
· ਸੰਪਤੀ ਲੈਣ ਲਈ ਈ–ਨੀਲਾਮੀ ਨੋਟਿਸ ਵਿੱਚ ਦੱਸੇ ਅਨੁਸਾਰ ਬਿਆਨਾ ਰਕਮ ਦਾ ਡ੍ਰਾਫ਼ਟ ਜ਼ਰੂਰੀ ਹੈ
· KYC ਦੇ ਦਸਤਾਵੇਜ਼ SBI ਦੀ ਸਬੰਧਤ ਸ਼ਾਖਾ ਵਿੱਚ ਜਮ੍ਹਾ ਕਰਵਾਉਣੇ ਹੋਣਗੇ।
· ਵੈਧ ਡਿਜੀਟਲ ਹਸਤਾਖਰ ਚਾਹੀਦੇ ਹੋਣਗੇ। ਇਸ ਲਈ ਬੋਲੀਦਾਤਾ ਈ-ਨੀਲਾਮੀਕਾਰਾਂ ਜਾਂ ਡਿਜੀਟਲ ਹਸਤਾਖਰ ਹਾਸਲ ਕਰਨ ਲਈ ਕਿਸੇ ਹੋਰ ਅਧਿਕਾਰਤ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ।
· ਬਿਆਨਾ ਰਾਸ਼ੀ ਦਾ ਡ੍ਰਾਫ਼ਟ ਤੇ KYC ਦੇ ਦਸਤਾਵੇਜ਼ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਰਜਿਸਟਰਡ ਲੌਗਇਨ ID ਤੇ ਪਾਸਵਰਡ ਈਮੇਲ ਦੁਆਰਾ ਭੇਜਿਆ ਜਾਵੇਗਾ।
· ਫਿਰ ਬੋਲੀਕਾਰਾਂ ਨੂੰ ਉੱਥੇ ਲੌਗਇਨ ਕਰ ਕੇ ਨੀਲਾਮੀ ਦੀ ਤਰੀਕ ਨੂੰ ਨਿਰਧਾਰਤ ਸਮੇਂ ਦੌਰਾਨ ਨੀਲਾਮੀ ਦੇ ਪਹਿਲਾਂ ਤੋਂ ਤੈਅਸ਼ੁਦਾ ਨਿਯਮਾਂ ਮੁਤਾਬਕ ਬੋਲੀ ਲਾਉਣੀ ਹੋਵੇਗੀ।