Pensioners Cyber Fraud : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਵੱਲੋਂ ਪੈਨਸ਼ਨਰਾਂ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਬੈਂਕ ਨੇ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ PPO ਸਕੈਮ (PPO Scam) ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਾਈਬਰ ਠੱਗ ਪੈਨਸ਼ਨ ਅਧਿਕਾਰੀ ਬਣ ਕੇ ਲੋਕਾਂ ਨੂੰ ਫਰਜ਼ੀ ਮੈਸੇਜ ਭੇਜ ਰਹੇ ਹਨ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। SBI ਨੇ ਆਪਣੇ ਅਧਿਕਾਰਤ X (ਪਹਿਲਾਂ ਟਵਿੱਟਰ) ਅਕਾਊਂਟ ਰਾਹੀਂ ਇਹ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਇੱਕ ਵੀਡੀਓ ਸਾਂਝੀ ਕਰਕੇ ਪੈਨਸ਼ਨਰਾਂ ਨੂੰ ਸਾਈਬਰ ਠੱਗੀ ਤੋਂ ਬਚਣ ਦੇ ਤਰੀਕੇ ਵੀ ਦੱਸੇ ਹਨ।
ਪੈਨਸ਼ਨਰਾਂ ਨੂੰ ਕਿਵੇਂ ਠੱਗ ਰਹੇ ਹਨ ਸਾਈਬਰ ਠੱਗ?
SBI ਮੁਤਾਬਕ ਸਾਈਬਰ ਅਪਰਾਧੀ ਪੈਨਸ਼ਨ ਅਧਿਕਾਰੀ ਬਣ ਕੇ ਪੈਨਸ਼ਨਰਾਂ ਨੂੰ ਫਰਜ਼ੀ ਮੈਸੇਜ ਭੇਜ ਸਕਦੇ ਹਨ। ਇਨ੍ਹਾਂ ਮੈਸੇਜਾਂ ਵਿੱਚ ਪੈਨਸ਼ਨ ਪੇਮੈਂਟ ਆਰਡਰ (PPO) ਅਪਡੇਟ ਜਾਂ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਜਾਂਦਾ ਹੈ। ਇਨ੍ਹਾਂ ਮੈਸੇਜਾਂ ਵਿੱਚ ਸ਼ੱਕੀ ਲਿੰਕ ਦਿੱਤੇ ਹੁੰਦੇ ਹਨ। ਜਦੋਂ ਕੋਈ ਵਿਅਕਤੀ ਇਨ੍ਹਾਂ ਲਿੰਕਾਂ 'ਤੇ ਕਲਿੱਕ ਕਰਦਾ ਹੈ ਜਾਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦਾ ਹੈ ਤਾਂ ਉਸ ਨਾਲ ਸਾਈਬਰ ਠੱਗੀ ਹੋ ਸਕਦੀ ਹੈ। ਬੈਂਕ ਨੇ ਆਪਣੀ ਪੋਸਟ ਵਿੱਚ 'ਕੈਪਟਨ Y' ਨੂੰ ਸਾਈਬਰ ਰੱਖਿਅਕ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਹੈ।
SBI ਨੇ ਕੀ ਸਾਵਧਾਨੀਆਂ ਵਰਤਣ ਲਈ ਕਿਹਾ?
ਬੈਂਕ ਨੇ ਪੈਨਸ਼ਨਰਾਂ ਨੂੰ ਸਲਾਹ ਦਿੱਤੀ ਹੈ ਕਿ:1. ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰੋ।2. ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।3. PPO ਅਪਡੇਟ ਕਰਨ ਵਾਲੇ ਫਰਜ਼ੀ ਮੈਸੇਜਾਂ ਤੋਂ ਸਾਵਧਾਨ ਰਹੋ।4. ਕਿਸੇ ਵੀ ਮੈਸੇਜ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜਾਂਚੋ।5. ਬੈਂਕ ਜਾਂ ਪੈਨਸ਼ਨ ਵਿਭਾਗ ਦੇ ਨਾਂ 'ਤੇ ਆਏ ਸ਼ੱਕੀ ਮੈਸੇਜਾਂ ਤੋਂ ਬਚੋ।
ਕੀ ਹੁੰਦਾ ਹੈ PPO?
PPO ਦਾ ਪੂਰਾ ਨਾਮ ਪੈਨਸ਼ਨ ਪੇਮੈਂਟ ਆਰਡਰ (Pension Payment Order) ਹੈ। ਇਹ ਇੱਕ ਅਹਿਮ ਦਸਤਾਵੇਜ਼ ਹੁੰਦਾ ਹੈ, ਜੋ ਸਰਕਾਰੀ ਕਰਮਚਾਰੀ ਦੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਜਾਰੀ ਕਰਨ ਲਈ ਦਿੱਤਾ ਜਾਂਦਾ ਹੈ। ਇਸ ਵਿੱਚ ਇੱਕ ਵਿਸ਼ੇਸ਼ ਰੈਫਰੈਂਸ ਨੰਬਰ ਹੁੰਦਾ ਹੈ, ਜਿਸ ਰਾਹੀਂ ਪੈਨਸ਼ਨ ਨਾਲ ਜੁੜੇ ਰਿਕਾਰਡ ਦੀ ਪਛਾਣ ਕੀਤੀ ਜਾਂਦੀ ਹੈ। ਇਸੇ PPO ਦੇ ਨਾਂ 'ਤੇ ਸਾਈਬਰ ਠੱਗ ਪੈਨਸ਼ਨਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਪੈਨਸ਼ਨਰ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਕਰਨ ਜਾਂ ਆਪਣੀ ਬੈਂਕਿੰਗ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੂਰੀ ਜਾਂਚ ਜ਼ਰੂਰ ਕਰਨ।