Indian Railway: ਸੀਨੀਅਰ ਨਾਗਰਿਕਾਂ ਸਮੇਤ ਹੋਰ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਰੇਲ ਕਿਰਾਏ 'ਚ ਦਿੱਤੀ ਜਾ ਰਹੀ ਵਿਸ਼ੇਸ਼ ਛੋਟ 'ਤੇ ਸਰਕਾਰ ਵੱਲੋਂ ਨਵਾਂ ਅਪਡੇਟ ਸਾਹਮਣੇ ਆਇਆ ਹੈ। ਕਿਰਾਏ ਵਿੱਚ ਵਿਸ਼ੇਸ਼ ਰਿਆਇਤ ਨੂੰ ਬਹਾਲ ਕਰਨ ਦੀ ਮੰਗ ਦੇ ਵਿਚਕਾਰ ਸਰਕਾਰ ਨੇ ਇੱਕ ਵਾਰ ਫਿਰ ਸੰਸਦ ਵਿੱਚ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ।


ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਸੀਨੀਅਰ ਨਾਗਰਿਕਾਂ ਅਤੇ ਖਿਡਾਰੀਆਂ ਨੂੰ ਰੇਲ ਕਿਰਾਏ ਵਿੱਚ ਰਿਆਇਤ ਬਾਰੇ ਸੰਸਦ ਵਿੱਚ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ 2022-23 ਵਿੱਚ ਯਾਤਰੀਆਂ ਨੂੰ ਸਸਤੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਲਗਭਗ 57 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਰੇਲ ਮੰਤਰੀ ਮੁਤਾਬਕ ਭਾਰਤੀ ਰੇਲਵੇ ਵੱਲੋਂ ਦਿੱਤੀ ਜਾਣ ਵਾਲੀ ਇਹ ਸਬਸਿਡੀ ਸਾਰੀਆਂ ਸ਼੍ਰੇਣੀਆਂ ਦੇ ਯਾਤਰੀਆਂ ਲਈ ਕਿਰਾਏ ਦੇ 46 ਫੀਸਦੀ ਦੇ ਬਰਾਬਰ ਹੈ।


ਰੇਲ ਮੰਤਰੀ ਨੂੰ ਪੁੱਛਿਆ ਗਿਆ ਸੀ ਕਿ ਕੀ ਸੀਨੀਅਰ ਨਾਗਰਿਕਾਂ ਅਤੇ ਖੇਡਾਂ ਨਾਲ ਜੁੜੇ ਲੋਕਾਂ ਨੂੰ ਰੇਲ ਟਿਕਟਾਂ 'ਤੇ ਛੋਟ ਦਾ ਲਾਭ ਅਜੇ ਵੀ ਮਿਲ ਰਿਹਾ ਹੈ ਜੋ ਉਹ ਮਾਰਚ 2020 ਤੋਂ ਪਹਿਲਾਂ ਪ੍ਰਾਪਤ ਕਰਦੇ ਸਨ। ਸਰਕਾਰ ਨੂੰ ਛੋਟ ਬਹਾਲ ਕਰਨ ਦੀ ਯੋਜਨਾ ਬਾਰੇ ਵੀ ਪੁੱਛਿਆ ਗਿਆ ਸੀ। ਜਵਾਬ ਵਿੱਚ, ਰੇਲ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਸਸਤੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸਦੇ ਲਈ 2022-23 ਵਿੱਚ ਰੇਲਵੇ ਦੁਆਰਾ ਕਿਰਾਏ ਉੱਤੇ 56,993 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ।


ਰੇਲਵੇ ਦਾ ਦਾਅਵਾ-ਇੰਨੀ ਮਿਲ ਰਹੀ ਛੋਟ


ਉਨ੍ਹਾਂ ਕਿਹਾ ਕਿ ਰੇਲਵੇ ਵਲੋਂ ਦਿੱਤੀ ਜਾ ਰਹੀ ਔਸਤਨ ਸਾਰੇ ਯਾਤਰੀਆਂ ਲਈ ਕੁੱਲ ਕਿਰਾਏ ਦੇ ਲਗਭਗ 46 ਫੀਸਦੀ ਦੇ ਬਰਾਬਰ ਹੈ। ਇਸ ਸਬਸਿਡੀ ਦਾ ਲਾਭ ਸਾਰੇ ਰੇਲਵੇ ਯਾਤਰੀਆਂ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਰੇਲਵੇ ਵੱਲੋਂ ਅਪਾਹਜ ਲੋਕਾਂ ਦੀਆਂ 4 ਸ਼੍ਰੇਣੀਆਂ, ਮਰੀਜ਼ਾਂ ਦੀਆਂ 11 ਸ਼੍ਰੇਣੀਆਂ ਅਤੇ ਵਿਦਿਆਰਥੀਆਂ ਦੀਆਂ 8 ਸ਼੍ਰੇਣੀਆਂ ਨੂੰ ਕਿਰਾਏ 'ਤੇ ਵਾਧੂ ਛੋਟ ਦਿੱਤੀ ਜਾ ਰਹੀ ਹੈ।


ਸਰਕਾਰ ਨੇ ਦੁਹਰਾਇਆ ਪੁਰਾਣਾ ਤਰਕ


ਰੇਲ ਮੰਤਰੀ ਦੇ ਇਸ ਜਵਾਬ ਵਿੱਚ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਗਈ ਛੋਟ ਦਾ ਕੋਈ ਜ਼ਿਕਰ ਨਹੀਂ ਸੀ। ਇਹ ਸਰਕਾਰ ਦੇ ਪੁਰਾਣੇ ਸਟੈਂਡ ਦੇ ਅਨੁਸਾਰ ਹੈ ਅਤੇ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਸਰਕਾਰ ਮਾਰਚ 2020 ਤੋਂ ਪਹਿਲਾਂ ਉਪਲਬਧ ਛੋਟਾਂ ਨੂੰ ਬਹਾਲ ਕਰਨ ਦੇ ਹੱਕ ਵਿੱਚ ਨਹੀਂ ਹੈ। ਅਸ਼ਵਿਨੀ ਵੈਸ਼ਨਵ ਪਹਿਲਾਂ ਵੀ ਇਹ ਦਲੀਲ ਦਿੰਦੇ ਰਹੇ ਹਨ ਕਿ ਰੇਲਵੇ ਸਾਰੀਆਂ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਕਿਰਾਏ ਵਿੱਚ ਰਿਆਇਤਾਂ ਦੇ ਰਿਹਾ ਹੈ ਅਤੇ ਸਰਕਾਰ ਦੀ ਸੀਨੀਅਰ ਨਾਗਰਿਕਾਂ ਨੂੰ ਵੱਖਰੀ ਰਿਆਇਤ ਦੇਣ ਦੀ ਕੋਈ ਯੋਜਨਾ ਨਹੀਂ ਹੈ।


ਕਿਰਾਏ 'ਤੇ ਪਹਿਲਾਂ ਮਿਲਦੀ ਸੀ ਇੰਨੀ ਛੋਟ
ਤੁਹਾਨੂੰ ਦੱਸ ਦਈਏ ਕਿ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਨ ਵਾਲੇ ਬਜ਼ੁਰਗ ਨਾਗਰਿਕਾਂ ਅਤੇ ਔਰਤਾਂ ਨੂੰ ਲੰਬੇ ਸਮੇਂ ਤੋਂ ਕਿਰਾਏ ਵਿੱਚ ਰਿਆਇਤ ਦਾ ਲਾਭ ਮਿਲ ਰਿਹਾ ਸੀ। ਹਾਲਾਂਕਿ ਇਹ ਛੋਟ ਮਾਰਚ 2020 ਤੋਂ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ ਮਹਿਲਾ ਸੀਨੀਅਰ ਸਿਟੀਜ਼ਨ ਨੂੰ ਕਿਰਾਏ 'ਤੇ 50 ਫੀਸਦੀ ਦੀ ਛੋਟ ਮਿਲਦੀ ਸੀ, ਜਦਕਿ ਪੁਰਸ਼ ਅਤੇ ਟਰਾਂਸਜੈਂਡਰ ਸੀਨੀਅਰ ਸਿਟੀਜ਼ਨ ਨੂੰ 40 ਫੀਸਦੀ ਛੋਟ ਮਿਲਦੀ ਸੀ। ਜਦੋਂ ਲੌਕਡਾਊਨ ਤੋਂ ਬਾਅਦ ਹੌਲੀ-ਹੌਲੀ ਟਰੇਨਾਂ ਚੱਲਣ ਲੱਗੀਆਂ ਤਾਂ ਬਜ਼ੁਰਗ ਨਾਗਰਿਕਾਂ ਅਤੇ ਔਰਤਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਬਹਾਲ ਨਹੀਂ ਕੀਤੀਆਂ ਗਈਆਂ।