Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਦੌਲਤ 100 ਅਰਬ ਡਾਲਰ ਤੋਂ ਹੇਠਾਂ ਖਿਸਕ ਗਈ ਹੈ। ਦੇਸ਼ ਦੇ ਦੋ ਸਭ ਤੋਂ ਅਮੀਰ ਉਦਯੋਗਪਤੀਆਂ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਦੀ ਦੌਲਤ 'ਚ ਪਿਛਲੇ ਕੁਝ ਮਹੀਨਿਆਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਦੀ ਜਾਇਦਾਦ ਹਾਲ ਦੇ ਮਹੀਨਿਆਂ 'ਚ 100 ਅਰਬ ਡਾਲਰ ਤੋਂ ਹੇਠਾਂ ਆ ਗਈ ਹੈ।
ਰਿਪੋਰਟ ਅਨੁਸਾਰ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਨੂੰ ਇਨ੍ਹੀਂ ਦਿਨੀਂ ਕਾਰੋਬਾਰੀ ਮੋਰਚੇ 'ਤੇ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸੰਪਤੀ ਤੇ ਦੌਲਤ 'ਤੇ ਕਾਫ਼ੀ ਅਸਰ ਪਿਆ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਅੰਬਾਨੀ ਤੇ ਅਡਾਨੀ ਦੀ ਸੰਪਤੀ 'ਚ ਗਿਰਾਵਟ ਦੇ ਬਾਵਜੂਦ ਜੇਕਰ ਚੋਟੀ ਦੇ 20 ਭਾਰਤੀ ਅਰਬਪਤੀਆਂ ਦੀ ਦੌਲਤ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਦੀ ਸੰਪੱਤੀ 'ਚ 67.2 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਹ ਦੇਸ਼ ਦੇ ਕੁਲੀਨ ਵਰਗ ਦੀ ਆਰਥਿਕ ਲਚਕਤਾ ਨੂੰ ਦਰਸਾਉਂਦਾ ਹੈ। ਇਸ ਮਿਆਦ ਦੌਰਾਨ ਐਚਸੀਐਲ ਸਮੂਹ ਦੇ ਸੰਸਥਾਪਕ ਸ਼ਿਵ ਨਾਦਰ ਤੇ ਸਟੀਲ ਕਾਰੋਬਾਰੀ ਸਾਵਿਤਰੀ ਜਿੰਦਲ ਦੀ ਜਾਇਦਾਦ ਵਿੱਚ ਕ੍ਰਮਵਾਰ $ 10.8 ਬਿਲੀਅਨ ਤੇ $ 10.1 ਬਿਲੀਅਨ ਦਾ ਵਾਧਾ ਹੋਇਆ ਹੈ।
ਕਿੰਨੀ ਘਟੀ ਅੰਬਾਨੀ ਦੀ ਦੌਲਤ?
ਬਲੂਮਬਰਗ ਬਿਲੀਨੇਅਰਜ਼ ਇੰਡੈਕਸ (ਬੀਬੀਆਈ) ਅਨੁਸਾਰ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਜੋ ਜੁਲਾਈ ਵਿੱਚ ਉਨ੍ਹਾਂ ਦੇ ਪੁੱਤਰ ਅਨੰਤ ਦੇ ਸ਼ਾਨਦਾਰ ਵਿਆਹ ਸਮੇਂ $ 120.8 ਬਿਲੀਅਨ ਸੀ, 13 ਦਸੰਬਰ ਤੱਕ ਘਟ ਕੇ $96.7 ਬਿਲੀਅਨ ਰਹਿ ਗਈ। ਇਹ ਗਿਰਾਵਟ ਰਿਲਾਇੰਸ ਦੇ ਮੁੱਖ ਕਾਰੋਬਾਰਾਂ ਖਾਸ ਤੌਰ 'ਤੇ ਊਰਜਾ ਤੇ ਪ੍ਰਚੂਨ ਖੇਤਰਾਂ ਵਿੱਚ ਚੁਣੌਤੀਆਂ ਨੂੰ ਦਰਸਾਉਂਦੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਇਨ੍ਹਾਂ ਸੈਕਟਰਾਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ। ਨਿਵੇਸ਼ਕਾਂ ਨੇ ਕੰਪਨੀ ਦੇ ਵਧਦੇ ਕਰਜ਼ੇ ਦੇ ਪੱਧਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਨੇ ਸਟਾਕ 'ਤੇ ਦਬਾਅ ਵਧਾ ਦਿੱਤਾ ਹੈ। ਤੇਲ ਤੋਂ ਕੈਮੀਕਲ ਡਿਵੀਜ਼ਨ ਦੀ ਮੰਗ ਵਿੱਚ ਗਿਰਾਵਟ, ਚੀਨੀ ਨਿਰਯਾਤ ਤੋਂ ਮੁਕਾਬਲੇ ਤੇ ਪ੍ਰਚੂਨ ਸੰਚਾਲਨ ਵਿੱਚ ਖਪਤਕਾਰਾਂ ਦੇ ਖਰਚੇ ਵਿੱਚ ਕਮੀ ਕਾਰਨ ਮੰਦੀ ਤੇਜ਼ ਹੋਈ ਹੈ।
ਗੌਤਮ ਅਡਾਨੀ ਦੀ ਜਾਇਦਾਦ ਵੀ 100 ਅਰਬ ਡਾਲਰ ਤੋਂ ਘਟੀ
ਗੌਤਮ ਅਡਾਨੀ ਦੀ ਕੁੱਲ ਸੰਪੱਤੀ ਨੂੰ ਵੀ ਵੱਡਾ ਝਟਕਾ ਲੱਗਾ ਹੈ। ਕੁੱਲ ਸੰਪੱਤੀ ਘਟਣ ਤੇ ਵਧਦੀਆਂ ਸਮੱਸਿਆਵਾਂ ਕਾਰਨ ਗੌਤਮ ਅਡਾਨੀ, ਜੋ ਕਿਸੇ ਸਮੇਂ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਸਨ, ਨੂੰ ਵਪਾਰਕ ਮੋਰਚੇ 'ਤੇ ਹੋਰ ਵੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲੂਮਬਰਗ ਅਨੁਸਾਰ ਉਨ੍ਹਾਂ ਦੀ ਸੰਪਤੀ ਜੂਨ ਵਿੱਚ 122.3 ਬਿਲੀਅਨ ਡਾਲਰ ਤੋਂ ਘਟ ਕੇ ਦਸੰਬਰ ਵਿੱਚ 82.1 ਬਿਲੀਅਨ ਡਾਲਰ ਰਹਿ ਗਈ ਹੈ। ਇਹ ਭਾਰੀ ਗਿਰਾਵਟ ਕਈ ਦੋਸ਼ਾਂ ਤੇ ਜਾਂਚ ਸ਼ੁਰੂ ਕੀਤੇ ਜਾਣ ਤੋਂ ਬਾਅਦ ਆਈ ਹੈ। ਇਨ੍ਹਾਂ ਘਟਨਾਵਾਂ ਨੇ ਅਡਾਨੀ ਸਮੂਹ ਵਿੱਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਪ੍ਰਭਾਵਿਤ ਕੀਤਾ ਹੈ।
ਦੱਸ ਦਈਏ ਕਿ ਅਮਰੀਕੀ ਨਿਆਂ ਵਿਭਾਗ (DOJ) ਨੇ ਅਡਾਨੀ ਸਮੂਹ ਨਾਲ ਜੁੜੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਦੀ ਨਵੰਬਰ ਵਿੱਚ ਜਾਂਚ ਸ਼ੁਰੂ ਕੀਤੀ ਹੈ। ਇਸ ਵਿੱਚ ਪਿਛਲੇ ਸਾਲ ਪ੍ਰਕਾਸ਼ਿਤ ਹਿੰਡਨਬਰਗ ਰਿਸਰਚ ਰਿਪੋਰਟ ਵਿੱਚ ਕੀਤੇ ਖੁਲਾਸੋ ਵੀ ਸ਼ਾਮਲ ਹਨ। ਹਿੰਡਨਬਰਗ ਰਿਸਰਚ ਰਿਪੋਰਟ ਵਿੱਚ ਅਡਾਨੀ ਗਰੁੱਪ ਉਪਰ ਧੋਖਾਧੜੀ ਦਾ ਇਲਾਜ਼ਾਮ ਲਾਇਆ ਗਿਆ ਸੀ ਹਾਲਾਂਕਿ ਅਡਾਨੀ ਸਮੂਹ ਦੁਆਰਾ ਇਨ੍ਹਾਂ ਦਾਅਵਿਆਂ ਦਾ ਲਗਾਤਾਰ ਖੰਡਨ ਕੀਤਾ ਗਿਆ ਹੈ।