Stock Market Today, 23 June 2025: ਈਰਾਨ-ਇਜ਼ਰਾਈਲ ਜੰਗ ਦੇ ਵਿਚਕਾਰ ਅਮਰੀਕਾ ਦੀ ਐਂਟਰੀ ਨਾਲ ਮਿਡਲ ਈਸਟ 'ਚ ਵਧੇ ਤਣਾਅ ਦਾ ਸਿੱਧਾ ਅਸਰ ਭਾਰਤੀ ਸ਼ੇਅਰ ਬਜ਼ਾਰ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 23 ਜੂਨ ਦੀ ਸ਼ੁਰੂਆਤ ਹੀ ਭਾਰੀ ਗਿਰਾਵਟ ਨਾਲ ਹੋਈ। ਸਵੇਰੇ ਲਗਭਗ 9:25 ਵਜੇ ਸੈਂਸੈਕਸ 700 ਅੰਕ ਡਿੱਗ ਗਿਆ। ਥੋੜ੍ਹੀ ਦੇਰ ਬਾਅਦ, ਲਗਭਗ 9:45 ਵਜੇ ਸੈਂਸੈਕਸ 863.78 ਅੰਕ ਡਿੱਗ ਕੇ 81,544.39 ਦੇ ਪੱਧਰ 'ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ 182.90 ਅੰਕ ਡਿੱਗ ਕੇ 24,929.50 ਦੇ ਪੱਧਰ 'ਤੇ ਖੁਲ੍ਹਿਆ।
ਹਾਲਾਂਕਿ, ਜੀਓਜੀਤ ਇਨਵੈਸਟਮੈਂਟ ਲਿਮਿਟਡ ਦੇ ਚੀਫ ਇਨਵੈਸਟਮੈਂਟ ਸਟ੍ਰੈਟਜਿਸਟ ਡਾ. ਵੀ.ਕੇ. ਵਿਜੇ ਕੁਮਾਰ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਈਰਾਨ ਦੇ ਤਿੰਨ ਨਿਊਕਲਿਅਰ ਠਿਕਾਣਿਆਂ 'ਤੇ ਕੀਤੀ ਗਈ ਬੰਬਾਰੀ ਨਾਲ ਪੂਰਬੀ ਏਸ਼ੀਆ 'ਚ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਭਾਰਤੀ ਬਜ਼ਾਰ 'ਤੇ ਇਸਦਾ ਅਸਰ ਲਿਮਟਿਡ ਹੀ ਰਹੇਗਾ।
ਭਾਰੀ ਗਿਰਾਵਟ ਦੇ ਬਾਵਜੂਦ ਵੀ ਕੁਝ ਸ਼ੇਅਰ ਚਮਕੇ
ਭਾਰਤੀ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ ਦੇ ਬਾਵਜੂਦ ਵੀ ਕੁਝ ਸ਼ੇਅਰ ਚੰਗੀ ਉਛਾਲ ਨਾਲ ਟੌਪ ਗੇਨਰ ਸਾਬਤ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਹੈ ਭਾਰਤ ਇਲੈਕਟ੍ਰੋਨਿਕਸ, ਜਿਸਦੇ ਸ਼ੇਅਰ ਵਿੱਚ 1.64 ਫੀਸਦੀ ਦੀ ਵਾਧੂ ਦਰਜ ਕੀਤੀ ਗਈ। ਭਾਰਤੀ ਏਅਰਟੇਲ ਵੀ 0.39 ਫੀਸਦੀ ਚੜ੍ਹਿਆ। ਹਾਲਾਂਕਿ, ਬਜ਼ਾਰ ਖੁਲਦੇ ਹੀ ਵੱਡੀ ਮਾਤਰਾ ਵਿੱਚ ਵਿਕਰੀ ਦਾ ਦਬਾਅ ਵੇਖਣ ਨੂੰ ਮਿਲਿਆ।
ਇਹ ਸ਼ੇਅਰ ਡਿੱਗੇ
ਅੱਜ ਜਿਹੜੇ ਸ਼ੇਅਰ ਹੇਠਾਂ ਆਏ ਹਨ, ਉਨ੍ਹਾਂ ਵਿੱਚ ਇੰਫੋਸਿਸ 2.01% ਟੁੱਟਿਆ, ਹਿੰਦੁਸਤਾਨ ਯੂਨੀਲੀਵਰ 1.64%, ਐਚ.ਸੀ.ਐਲ. ਟੈਕਨੋਲੋਜੀ 1.24%, ਏਸ਼ੀਅਨ ਪੇਂਟਸ 1.30% ਅਤੇ ਪਾਵਰ ਗ੍ਰਿਡ 1.19% ਹੇਠਾਂ ਆਇਆ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ BSE ਸੈਂਸੈਕਸ 1,046.30 ਅੰਕ ਜਾਂ 1.29% ਚੜ੍ਹ ਕੇ 82,408.17 'ਤੇ ਬੰਦ ਹੋਇਆ ਸੀ, ਜਦਕਿ NSE ਨਿਫਟੀ 319.15 ਅੰਕ ਜਾਂ 1.29% ਵੱਧ ਕੇ 25,112.40 'ਤੇ ਆ ਗਿਆ ਸੀ।
ਭਾਰਤੀ ਕਰੰਸੀ 'ਤੇ ਵੀ ਮਿਡਲ ਈਸਟ ਵਿੱਚ ਵਧੇ ਤਣਾਅ ਦਾ ਅਸਰ ਪਿਆ। ਅੱਜ ਰੁਪਇਆ 17 ਪੈਸੇ ਘਟ ਕੇ ਡਾਲਰ ਦੇ ਮੁਕਾਬਲੇ ₹86.76 'ਤੇ ਖੁਲਿਆ, ਜਦਕਿ ਇਕ ਦਿਨ ਪਹਿਲਾਂ ਇਹ ₹86.59 'ਤੇ ਬੰਦ ਹੋਇਆ ਸੀ।
ਬਾਜ਼ਾਰ ਦੇ ਮਾਹਿਰਾਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਦੀ ਸਰਗਰਮੀ ਅਤੇ ਦੁਨੀਆ ਭਰ ਦੀ ਹਾਲਤ ਦਾ ਸ਼ੇਅਰ ਬਾਜ਼ਾਰ 'ਤੇ ਅਸਰ ਪਵੇਗਾ। ਰੇਲਿਗੇਅਰ ਬ੍ਰੋਕਿੰਗ ਦੇ ਅਜੀਤ ਮਿਸ਼ਰਾ ਨੇ ਕਿਹਾ ਕਿ ਇਸ ਹਫ਼ਤੇ ਇਰਾਨ-ਇਜ਼ਰਾਈਲ ਵਿਚਕਾਰ ਚੱਲ ਰਹੇ ਤਣਾਅ, ਅਮਰੀਕਾ ਦੇ ਆਰਥਿਕ ਅੰਕੜੇ ਅਤੇ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਦੇ ਬਿਆਨਾਂ 'ਤੇ ਸਭ ਦੀ ਨਜ਼ਰ ਰਹੇਗੀ।
ਮੋਤੀਲਾਲ ਓਸਵਾਲ ਫਾਇਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਹੈੱਡ ਸਿੱਧਾਰਥ ਖੇਮਕਾ ਦੇ ਅਨੁਸਾਰ, ਇਰਾਨ-ਇਜ਼ਰਾਈਲ ਤਣਾਅ ਕਾਰਨ ਭਵਿੱਖ ਵਿੱਚ ਵਿਦੇਸ਼ੀ ਇੰਡੀਕੇਟਰਜ਼ ਦੀ ਅਹਿਮ ਭੂਮਿਕਾ ਰਹੇਗੀ। ਨਿਵੇਸ਼ਕ ਅਮਰੀਕਾ ਦੇ ਨਿਰਮਾਣ ਅਤੇ ਸੇਵਾਵਾਂ ਨਾਲ ਜੁੜੇ PMI ਅੰਕੜਿਆਂ 'ਤੇ ਧਿਆਨ ਦੇਣਗੇ, ਨਾਲ ਹੀ ਭੂ-ਰਾਜਨੀਤਿਕ ਮੋਰਚੇ 'ਤੇ ਹੋਣ ਵਾਲੀਆਂ ਹੋਰ ਘਟਨਾਵਾਂ 'ਤੇ ਵੀ ਨਜ਼ਰ ਰੱਖਣਗੇ।