Share Market: ਘਰੇਲੂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਹਰੇ ਨਿਸ਼ਾਨ ਨਾਲ ਖੁੱਲ੍ਹਿਆ। ਲਗਾਤਾਰ ਛੇਵੇਂ ਸੈਸ਼ਨ ਦੌਰਾਨ ਕਾਰੋਬਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਬੈਂਕਿੰਗ ਅਤੇ ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਚੰਗੀ ਖਾਸੀ ਵਾਧੂ ਮੰਗ ਨਜ਼ਰ ਆਈ। ਵਿਦੇਸ਼ੀ ਨਿਵੇਸ਼ਕ ਵੀ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ੋਰ-ਸ਼ੋਰ ਨਾਲ ਪੈਸਾ ਲਾ ਰਹੇ ਹਨ। ਬਾਜ਼ਾਰ ਵਿੱਚ ਨਿਵੇਸ਼ਕਾਂ ਦੀਆਂ ਉਮੀਦਾਂ ਵੱਧ ਰਹੀਆਂ ਹਨ ਕਿ ਭਾਰਤੀ ਸ਼ੇਅਰਾਂ ਦੇ ਚੰਗੇ ਦਿਨ ਆਉਣ ਵਾਲੇ ਹਨ।


ਸਵੇਰੇ 11:01 ਵਜੇ BSE ਸੈਂਸੈਕਸ 919 ਅੰਕ ਜਾਂ 1.19 ਫੀਸਦੀ ਦੀ ਤੇਜ਼ੀ ਨਾਲ 77,823 'ਤੇ ਪਹੁੰਚ ਗਿਆ, ਜਦਕਿ ਨਿਫਟੀ 50 ਇੰਡੈਕਸ ਵੀ 264 ਅੰਕ ਜਾਂ 1.13 ਫੀਸਦੀ ਵੱਧ ਕੇ 23,615 ਦੀ ਸਤ੍ਹਾ 'ਤੇ ਵਪਾਰ ਕਰ ਰਿਹਾ ਹੈ। ਸ਼ੇਅਰ ਬਾਜ਼ਾਰ ਵਿੱਚ ਆਈ ਇਸ ਤੇਜ਼ੀ ਕਾਰਨ ਬਾਂਬੇ ਸਟਾਕ ਐਕਸਚੇਂਜ 'ਤੇ ਲਿਸਟ ਕੀਤੀਆਂ ਸਭ ਕੰਪਨੀਆਂ ਦਾ ਕੁੱਲ Market capitalization 4.63 ਲੱਖ ਕਰੋੜ ਰੁਪਏ ਵੱਧ ਕੇ 417.93 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ।



ਵਿਦੇਸ਼ੀ ਨਿਵੇਸ਼ਕ ਭਾਰੀ ਰੁਕਮ ਲਿਆ ਰਹੇ ਹਨ



ਸ਼ੁੱਕਰਵਾਰ ਨੂੰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (FPIs) ਨੇ ਕੈਸ਼ ਮਾਰਕੀਟ ਵਿੱਚ 7,500 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਹ ਪਿਛਲੇ ਚਾਰ ਮਹੀਨਿਆਂ 'ਚ ਕਿਸੇ ਇਕ ਦਿਨ 'ਚ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਸੀ। ਸਤੰਬਰ 2024 ਦੇ ਆਖਿਰ ਤੋਂ ਵਿਦੇਸ਼ੀ ਨਿਵੇਸ਼ਕ ਸ਼ੇਅਰ ਮਾਰਕੀਟ 'ਚ ਲਗਾਤਾਰ ਵਿਕਰੀ ਕਰ ਰਹੇ ਸਨ। ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਲਗਭਗ 29 ਅਰਬ ਡਾਲਰ ਭਾਰਤੀ ਸ਼ੇਅਰਾਂ 'ਚੋਂ ਕੱਢ ਲਈ।


ਸ਼ੇਅਰ ਮਾਰਕੀਟ ਦੀ ਰੌਣਕ ਕਿਉਂ ਵਾਪਸ ਆਈ?


ਹੁਣ ਸਵਾਲ ਇਹ ਹੈ ਕਿ ਭਾਰਤੀ ਸ਼ੇਅਰ ਮਾਰਕੀਟ ਵਿੱਚ ਅਚਾਨਕ ਆਈ ਇਸ ਤੇਜ਼ੀ ਦੇ ਪਿੱਛੇ ਕੀ ਕਾਰਨ ਹੈ? 'ਦ ਮਿੰਟ' ਦੀ ਰਿਪੋਰਟ ਮੁਤਾਬਕ, ਸ਼ੇਅਰ ਮਾਰਕੀਟ ਦੇ ਜਾਨਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਯੂ.ਐਸ. ਫੈੱਡ ਦੀ ਮੀਟਿੰਗ ਤੋਂ ਬਾਅਦ RBI ਵੱਲੋਂ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ, ਦੇਸੀ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜ਼ੋਰਦਾਰ ਖਰੀਦਾਰੀ, ਅਤੇ ਮਾਰਗਨ ਸਟੈਨਲੀ ਵੱਲੋਂ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਬਾਰੇ ਲਗਾਏ ਗਏ ਅਨੁਮਾਨਾਂ ਦੇ ਮੱਦੇਨਜ਼ਰ ਸ਼ੇਅਰ ਮਾਰਕੀਟ ਵਿੱਚ ਤੇਜ਼ੀ ਆਈ ਹੈ।


ਪ੍ਰਾਫਿਟਮਾਰਟ ਸਿਕਿਉਰਿਟੀਜ਼ ਦੇ ਰਿਸਰਚ ਹੈੱਡ ਅਵਿਨਾਸ਼ ਗੋਰਖਕਰ ਨੇ 'ਦ ਮਿੰਟ' ਨਾਲ ਗੱਲ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਦੇ ਸੰਕੇਤ ਹੁਣ ਸਪਸ਼ਟ ਹੋਣ ਲੱਗੇ ਹਨ। ਗਲੋਬਲ ਰੇਟਿੰਗ ਏਜੰਸੀ ਫਿਚ ਨੇ ਆਉਣ ਵਾਲੇ ਦੋ ਆਰਥਿਕ ਵਰ੍ਹਿਆਂ – FY26 ਅਤੇ FY27 ਵਿੱਚ ਪੂੰਜੀ ਖਰਚ (capital expenditure) ਵਿੱਚ ਤੇਜ਼ੀ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ 2024 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ GDP 5.4% ਤੱਕ ਘਟ ਗਈ ਸੀ, ਪਰ 2024-2025 ਦੀ ਅਕਤੂਬਰ-ਦਸੰਬਰ ਤਿਮਾਹੀ ਵਿੱਚ GDP ਵਾਧਾ 6.2% ਰਿਹਾ। ਹੁਣ 2025 ਦੀ ਚੌਥੀ ਤਿਮਾਹੀ ਵਿੱਚ ਵੀ ਚੰਗੇ ਨਤੀਜਿਆਂ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਮਾਰਕੀਟ ਵਿੱਚ ਆਈ ਤੇਜ਼ੀ ਦੇ ਪਿੱਛੇ ਇਹ ਵੀ ਇੱਕ ਵੱਡਾ ਕਾਰਨ ਹੈ।


Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।