Stock Market Today : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤੂਆਂ 'ਤੇ 50% ਟੈਰਿਫ ਲਗਾਏ ਜਾਣ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ 'ਤੇ ਪਿਆ। ਵੀਰਵਾਰ ਨੂੰ ਬਜ਼ਾਰ ਵਿੱਚ ਬਿਕਵਾਲੀ ਦਾ ਦਬਾਅ ਹਾਵੀ ਰਿਹਾ ਅਤੇ ਪ੍ਰਮੁੱਖ ਸੂਚਕਾਂਕਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ 706 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਦੇ ਨਾਲ ਹੀ, ਐਨਐਸਈ ਨਿਫਟੀ 50 ਵੀ 24,500 'ਤੇ ਆ ਗਿਆ। ਟੈਰਿਫ ਦਬਾਅ ਦਾ ਸਭ ਤੋਂ ਵੱਧ ਅਸਰ ਆਈਟੀ, ਸਿਹਤ ਸੰਭਾਲ, ਰੀਅਲਟੀ ਅਤੇ ਐਫਐਮਸੀਜੀ ਸੈਕਟਰਾਂ 'ਤੇ ਦੇਖਿਆ ਗਿਆ।
ਆਈਟੀ ਸਟਾਕਸ ਵਿੱਚ ਭਾਰੀ ਗਿਰਾਵਟ
ਐੱਚਸੀਐੱਲ ਟੈਕ ਦੇ ਸ਼ੇਅਰ 3% ਡਿੱਗੇ। ਟੀਸੀਐੱਸ 2% ਦੀ ਗਿਰਾਵਟ ਆਈ। ਹੋਰ ਸੈਕਟਰਲ ਇੰਡੈਕਸ ਵੀ ਲਾਲ ਨਿਸ਼ਾਨ 'ਤੇ ਬੰਦ ਹੋਏ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫ ਭਾਰਤੀ ਨਿਰਯਾਤ ਅਤੇ ਕਾਰਪੋਰੇਟ ਆਮਦਨ 'ਤੇ ਅਸਰ ਪਾਉਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਨਿਵੇਸ਼ਕਾਂ ਨੇ ਜੋਖਮ ਤੋਂ ਬਚਣ ਲਈ ਸ਼ੇਅਰ ਵੇਚੇ।
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਅਤੇ ਕਮਜ਼ੋਰ ਗਲੋਬਲ ਸੰਕੇਤਾਂ ਨੇ ਵੀ ਬਾਜ਼ਾਰ ਦੀ ਭਾਵਨਾ ਨੂੰ ਕਮਜ਼ੋਰ ਕੀਤਾ। ਇਸ ਦੇ ਨਾਲ ਹੀ, ਅਮਰੀਕੀ ਟੈਰਿਫ ਭਾਰਤੀ ਨਿਰਯਾਤ ਅਤੇ ਕਾਰਪੋਰੇਟ ਆਮਦਨ 'ਤੇ ਅਸਰ ਪਾਉਣ ਦੀ ਸੰਭਾਵਨਾ ਹੈ।
ਇੱਕ ਦਿਨ ਪਹਿਲਾਂ ਵੀ ਗਿਰਾਵਟ
ਬੁੱਧਵਾਰ ਨੂੰ ਭਾਰਤੀ ਘਰੇਲੂ ਬਾਜ਼ਾਰ ਗਣੇਸ਼ ਚਤੁਰਥੀ ਕਰਕੇ ਬੰਦ ਸੀ। ਪਰ ਉਸ ਤੋਂ ਇੱਕ ਦਿਨ ਪਹਿਲਾਂ, ਮੰਗਲਵਾਰ ਨੂੰ ਵਿਕਰੀ ਦੇ ਦਬਾਅ ਦੇ ਕਰਕੇ ਨਿਵੇਸ਼ਕਾਂ ਨੂੰ 5.41 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 849.37 ਅੰਕ ਜਾਂ 1.04% ਡਿੱਗ ਕੇ 80,786.54 'ਤੇ ਬੰਦ ਹੋਇਆ। ਵਪਾਰ ਦੌਰਾਨ, ਸੈਂਸੈਕਸ 81,000 ਦੇ ਅੰਕੜੇ ਤੋਂ ਹੇਠਾਂ ਆ ਗਿਆ।
ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 449.45 ਲੱਖ ਕਰੋੜ ਰੁਪਏ ਤੱਕ ਡਿੱਗ ਗਿਆ। ਇਹ ਪਿਛਲੇ ਵਪਾਰਕ ਸੈਸ਼ਨ ਦੇ ਮੁਕਾਬਲੇ 5.41 ਲੱਖ ਕਰੋੜ ਰੁਪਏ ਦੀ ਕਮੀ ਨੂੰ ਦਰਸਾਉਂਦਾ ਹੈ।
ਮੰਗਲਵਾਰ ਨੂੰ, ਸਭ ਤੋਂ ਵੱਡੀ ਵਿਕਰੀ ਰਿਐਲਟੀ, ਫਾਰਮਾ, ਬੈਂਕਿੰਗ ਅਤੇ ਧਾਤ ਸੈਕਟਰਾਂ ਵਿੱਚ ਦਰਜ ਕੀਤੀ ਗਈ। ਦੂਜੇ ਪਾਸੇ, FMCG ਸਟਾਕ ਮਾਮੂਲੀ ਵਾਧੇ ਦੇ ਨਾਲ ਮੁਕਾਬਲਤਨ ਮਜ਼ਬੂਤ ਰਹੇ। ਗਿਰਾਵਟ ਵਾਲੇ ਮੁੱਖ ਸਟਾਕ: ਸਨ ਫਾਰਮਾ, ਟਾਟਾ ਸਟੀਲ, ਟ੍ਰੇਂਟ, ਬਜਾਜ ਫਾਈਨੈਂਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਅਡਾਨੀ ਪੋਰਟਸ, ਟਾਈਟਨ, BEL ਅਤੇ L&T। ਵਾਧੇ ਵਾਲੇ ਸਟਾਕ: ਹਿੰਦੁਸਤਾਨ ਯੂਨੀਲੀਵਰ, ਮਾਰੂਤੀ ਸੁਜ਼ੂਕੀ ਇੰਡੀਆ, ITC, TCS ਅਤੇ ਅਲਟਰਾਟੈਕ ਸੀਮੈਂਟ।