Sukanya Samriddhi Scheme: ਜੇਕਰ ਤੁਸੀਂ ਵੀ ਆਪਣੀ ਬੇਟੀ ਲਈ ਸੁਕੰਨਿਆ ਸਮ੍ਰਿਧੀ ਖਾਤਾ ਖੁੱਲ੍ਹਵਾਇਆ ਹੋਇਆ ਹੈ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ। ਸਰਕਾਰ ਨੇ ਛੋਟੀਆਂ ਬੱਚਤਾਂ ਯੋਜਨਾਵਾਂ ਲਈ ਵਿਸ਼ੇਸ਼ ਐਲਾਨ ਕੀਤਾ ਹੈ। ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ ਤੇ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਖਾਤਾ ਧਾਰਕਾਂ ਨੂੰ ਇਸ ਤਿਮਾਹੀ 'ਚ ਕਿੰਨੇ ਵਿਆਜ ਦਾ ਫ਼ਾਇਦਾ ਮਿਲੇਗਾ?

ਨਹੀਂ ਹੋਇਆ ਵਿਆਜ ਦਰਾਂ 'ਚ ਕੋਈ ਬਦਲਾਅ
ਦੱਸ ਦੇਈਏ ਕਿ ਸਰਕਾਰ ਨੇ ਇਸ ਵਾਰ ਵੀ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਮਤਲਬ ਅਪ੍ਰੈਲ-ਜੂਨ ਤਿਮਾਹੀ 'ਚ ਵੀ ਗਾਹਕਾਂ ਨੂੰ ਪੁਰਾਣੀ ਦਰ 'ਤੇ ਵਿਆਜ ਦਾ ਲਾਭ ਮਿਲੇਗਾ।

ਸਿਰਫ਼ 15 ਸਾਲ ਤਕ ਜਮ੍ਹਾ ਕਰਨਾ ਹੋਵੇਗਾ ਪੈਸਾ
ਇਸ ਸਕੀਮ ਦੀ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਪੂਰੇ 21 ਸਾਲਾਂ ਲਈ ਪੈਸੇ ਜਮ੍ਹਾ ਨਹੀਂ ਕਰਵਾਉਣੇ ਪੈਣਗੇ। ਖਾਤਾ ਖੋਲ੍ਹਣ ਸਮੇਂ ਤੋਂ 15 ਸਾਲ ਤੱਕ ਹੀ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ, ਜਦਕਿ ਧੀ ਦੀ 21 ਸਾਲ ਦੀ ਉਮਰ ਤਕ ਇਨ੍ਹਾਂ ਪੈਸਿਆਂ 'ਤੇ ਵਿਆਜ ਮਿਲਦਾ ਰਹੇਗਾ।

ਕਿੰਨਾ ਮਿਲ ਰਿਹਾ ਵਿਆਜ?
ਮੌਜੂਦਾ ਸਮੇਂ 'ਚ ਸਰਕਾਰ ਇਸ ਯੋਜਨਾ 'ਤੇ ਖਾਤਾਧਾਰਕਾਂ ਨੂੰ 7.6 ਫ਼ੀਸਦੀ ਦੀ ਦਰ ਨਾਲ ਮਿਸ਼ਰਿਤ ਵਿਆਜ ਦਾ ਲਾਭ ਦੇ ਰਹੀ ਹੈ। ਸਰਕਾਰ 3 ਮਹੀਨਿਆਂ ਬਾਅਦ ਇਸ ਸਕੀਮ ਦੀਆਂ ਵਿਆਜ ਦਰਾਂ ਨੂੰ ਸੋਧਦੀ ਹੈ।

250 ਰੁਪਏ ਦਾ ਕਰਨਾ ਹੋਵੇਗਾ ਨਿਵੇਸ਼
ਦੱਸ ਦੇਈਏ ਕਿ ਇਸ ਸਕੀਮ 'ਚ ਤੁਹਾਨੂੰ ਘੱਟੋ-ਘੱਟ 250 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ ਤੇ ਤੁਸੀਂ ਵੱਧ ਤੋਂ ਵੱਧ 1,50,000 ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਇਹ ਕੇਂਦਰ ਸਰਕਾਰ ਦੀ ਇਕ ਖ਼ਾਸ ਸਕੀਮ ਹੈ, ਜਿਸ ਰਾਹੀਂ ਤੁਸੀਂ ਆਪਣੀ ਬੇਟੀ ਲਈ 15 ਲੱਖ ਰੁਪਏ ਦਾ ਫੰਡ ਤਿਆਰ ਕਰ ਸਕਦੇ ਹੋ।

ਖਾਤਾ ਡਾਕਖਾਨੇ ਜਾਂ ਬੈਂਕ 'ਚ ਖੁੱਲ੍ਹਵਾ ਸਕਦੇ ਅਕਾਊਂਟ
ਇਸ ਸਕੀਮ 'ਚ ਤੁਸੀਂ ਆਪਣੀ ਧੀ ਲਈ ਅਕਾਉਂਟ ਖੁੱਲ੍ਹਵਾ ਸਕਦੇ ਹੋ। ਤੁਸੀਂ ਡਾਕਖਾਨੇ ਜਾਂ ਕਿਸੇ ਵੀ ਬੈਂਕ 'ਚ ਜਾ ਕੇ ਇਹ ਖਾਤਾ ਖੁੱਲ੍ਹਵਾ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ਼ ਜਨਮ ਸਰਟੀਫਿਕੇਟ ਜਮ੍ਹਾਂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਬੱਚੇ ਤੇ ਮਾਤਾ-ਪਿਤਾ ਦਾ ਪਛਾਣ ਪੱਤਰ ਵੀ ਜਮ੍ਹਾ ਕਰਵਾਉਣਾ ਹੋਵੇਗਾ।

15 ਲੱਖ ਰੁਪਏ ਕਿਵੇਂ ਮਿਲਣਗੇ?
ਇਸ ਸਰਕਾਰੀ ਸਕੀਮ 'ਚ ਜੇਕਰ ਤੁਸੀਂ ਹਰ ਮਹੀਨੇ ਸਿਰਫ਼ 3000 ਰੁਪਏ ਦਾ ਨਿਵੇਸ਼ ਕਰਦੇ ਹੋ, ਮਤਲਬ ਜੇਕਰ ਤੁਸੀਂ ਹਰ ਸਾਲ 36000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.6 ਫ਼ੀਸਦੀ ਮਿਸ਼ਰਿਤ ਦਰ 'ਤੇ ਵਿਆਜ ਦਾ ਲਾਭ ਮਿਲੇਗਾ। ਇਸ ਤਰ੍ਹਾਂ 21 ਸਾਲ ਮਤਲਬ ਮੈਚਿਊਰਿਟੀ 'ਤੇ ਇਹ ਰਕਮ ਲਗਪਗ 15,22,221 ਰੁਪਏ ਹੋ ਜਾਵੇਗੀ।