Rs 500 Missing Notes: ਨੋਟਾਂ ਦੀ ਛਪਾਈ ਤੋਂ ਲੈ ਕੇ ਸਰਕੂਲੇਸ਼ਨ ਤੱਕ ਦਾ ਕੰਮ ਬਹੁਤ ਹੀ ਸੁਰੱਖਿਅਤ ਮਾਹੌਲ ਵਿੱਚ ਕੀਤਾ ਜਾਂਦਾ ਹੈ। ਇਹ ਜ਼ਰੂਰੀ ਵੀ ਹੈ, ਕਿਉਂਕਿ ਕਿਸੇ ਦੇਸ਼ ਦੀ ਕਰੰਸੀ ਉਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਹੁਣ ਜੇ ਤੁਹਾਨੂੰ ਦੱਸਿਆ ਜਾਵੇ ਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਵੱਡੀ ਮਾਤਰਾ 'ਚ ਨਵੇਂ ਨੋਟ ਗਾਇਬ ਹੋ ਗਏ ਹਨ, ਤਾਂ ਤੁਹਾਨੂੰ ਇਹ ਮਜ਼ਾਕ ਲੱਗ ਸਕਦਾ ਹੈ, ਪਰ ਇਹ ਸੱਚ ਹੈ।



ਆਰਟੀਆਈ ਸਵਾਲ ਤੋਂ ਖੁਲਾਸਾ



ਮਿੰਟ ਸਮੇਤ ਕਈ ਮੀਡੀਆ ਪਲੇਟਫਾਰਮਾਂ 'ਤੇ ਚੱਲ ਰਹੀਆਂ ਰਿਪੋਰਟਾਂ ਦੇ ਅਨੁਸਾਰ, ਜੋ ਨੋਟ ਗਾਇਬ ਹੋਏ ਹਨ, ਉਹ 500 ਰੁਪਏ ਦੇ ਨਵੇਂ ਡਿਜ਼ਾਈਨ ਦੇ ਹਨ। ਹੈਰਾਨੀ ਦੀ ਗੱਲ ਹੈ ਕਿ ਗੁੰਮ ਹੋਏ ਨੋਟਾਂ ਦੀ ਕੀਮਤ 1000-500 ਨਹੀਂ ਸਗੋਂ 88 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਹ ਖੁਲਾਸਾ ਜਾਣਕਾਰੀ ਦੇ ਅਧਿਕਾਰ ਅਰਥਾਤ ਆਰਟੀਆਈ ਤਹਿਤ ਪੁੱਛੇ ਗਏ ਸਵਾਲਾਂ ਤੋਂ ਹੋਇਆ ਹੈ।



1000 ਕਰੋੜ ਦੇ ਨੋਟ ਗਾਇਬ 



ਆਰਟੀਆਈ ਕਾਰਕੁਨ ਮਨੋਰੰਜਨ ਰਾਏ ਨੇ ਇਸ ਸਬੰਧ ਵਿੱਚ ਸਵਾਲ ਪੁੱਛੇ ਸਨ ਤੇ ਉਨ੍ਹਾਂ ਦੇ ਜਵਾਬ ਵਿੱਚ ਜੋ ਅੰਕੜੇ ਮਿਲੇ ਸਨ, ਉਹ ਹੈਰਾਨ ਕਰਨ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਗਾਇਬ ਹੋਏ ਨਵੇਂ ਡਿਜ਼ਾਈਨ ਵਾਲੇ 500 ਰੁਪਏ ਦੇ ਲੱਖਾਂ ਨੋਟਾਂ ਦੀ ਕੀਮਤ 88,032.5 ਕਰੋੜ ਰੁਪਏ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨਾਂ ਪ੍ਰਿੰਟਿੰਗ ਪ੍ਰੈਸਾਂ ਨੇ ਮਿਲ ਕੇ ਨਵੇਂ ਡਿਜ਼ਾਈਨ ਵਾਲੇ 500 ਰੁਪਏ ਦੇ 881.065 ਕਰੋੜ ਨੋਟ ਛਾਪੇ ਪਰ ਰਿਜ਼ਰਵ ਬੈਂਕ ਨੂੰ ਇਨ੍ਹਾਂ ਵਿੱਚੋਂ ਸਿਰਫ਼ 726 ਕਰੋੜ ਨੋਟ ਹੀ ਮਿਲੇ ਹਨ। ਕੁੱਲ ਮਿਲਾ ਕੇ 500 ਰੁਪਏ ਦੇ 176.065 ਕਰੋੜ ਨੋਟ ਗਾਇਬ ਹੋ ਗਏ, ਜਿਨ੍ਹਾਂ ਦੀ ਕੀਮਤ 88,032.5 ਕਰੋੜ ਰੁਪਏ ਹੈ।



ਇਨ੍ਹਾਂ ਤਿੰਨਾਂ ਥਾਵਾਂ 'ਤੇ ਕੀਤੀ ਜਾਂਦੀ ਹੈ ਛਪਾਈ 



ਭਾਰਤ ਵਿੱਚ ਤਿੰਨ ਪ੍ਰਿੰਟਿੰਗ ਪ੍ਰੈਸਾਂ ਵਿੱਚ ਨੋਟ ਛਾਪੇ ਜਾਂਦੇ ਹਨ। ਇਹ ਪ੍ਰਿੰਟਿੰਗ ਪ੍ਰੈੱਸ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾਨ ਪ੍ਰਾਈਵੇਟ ਲਿਮਟਿਡ (Bharatiya Reserve Bank Note Mudran (P) Limited), ਬੰਗਲੌਰ, ਕਰੰਸੀ ਨੋਟ ਪ੍ਰੈੱਸ (Currency Note Press), ਨਾਸਿਕ ਅਤੇ ਬੈਂਕ ਨੋਟ ਪ੍ਰੈੱਸ (Bank Note Press), ਦੇਵਾਸ ਹਨ।



ਇਹ ਅੰਕੜੇ ਦਿੱਤੇ ਹਨ ਤਿੰਨੋਂ ਮਿੰਟ ਨੇ



ਆਰਟੀਆਈ ਦੇ ਜਵਾਬ ਵਿੱਚ, ਨਾਸਿਕ ਮਿੰਟ ਨੇ ਕਿਹਾ ਕਿ ਉਸਨੇ 2016-17 ਵਿੱਚ ਰਿਜ਼ਰਵ ਬੈਂਕ ਨੂੰ 500 ਰੁਪਏ ਦੇ 166.20 ਕਰੋੜ ਨੋਟਾਂ ਦੀ ਸਪਲਾਈ ਕੀਤੀ ਸੀ। ਇਸੇ ਤਰ੍ਹਾਂ, 2016-17 ਦੌਰਾਨ ਬੈਂਗਲੁਰੂ ਮਿੰਟ ਨੇ 519.565 ਕਰੋੜ ਨੋਟਾਂ ਦੀ ਸਪਲਾਈ ਕੀਤੀ ਅਤੇ ਦੇਵਾਸ ਮਿੰਟ ਨੇ 195.30 ਕਰੋੜ ਨੋਟਾਂ ਦੀ ਸਪਲਾਈ ਕੀਤੀ। ਇਸ ਤਰ੍ਹਾਂ ਤਿੰਨੋਂ ਟਕਸਾਲਾਂ ਨੇ ਮਿਲ ਕੇ ਰਿਜ਼ਰਵ ਬੈਂਕ ਨੂੰ 500 ਰੁਪਏ ਦੇ 881.065 ਕਰੋੜ ਨੋਟਾਂ ਦੀ ਸਪਲਾਈ ਕੀਤੀ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਉਸ ਨੂੰ 500 ਰੁਪਏ ਦੇ ਸਿਰਫ 726 ਕਰੋੜ ਨੋਟ ਮਿਲੇ ਹਨ।