Tata Motors Price hike: ਮਹਿੰਗਾਈ ਦੀ ਮਾਰ ਹਰ ਪਾਸੇ ਲੋਕਾਂ ਨੂੰ ਲੱਗ ਰਹੀ ਹੈ । ਪਹਿਲਾਂ ਪੈਟਰੋਲ ਅਤੇ ਡੀਜ਼ਲ ਖਰੀਦਣਾ ਲੋਕਾਂ ਨੂੰ ਭਾਰੀ ਪੈ ਰਿਹਾ ਸੀ ਅਤੇ ਹੁਣ ਉਨ੍ਹਾਂ ਦਾ ਕਾਰ ਖਰੀਦਣ ਦਾ ਸੁਪਨਾ ਵੀ ਮਹਿੰਗਾ ਹੋਣ ਜਾ ਰਿਹਾ ਹੈ। ਦੇਸ਼ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀਆਂ ਪਸੈਂਜਰ ਗੱਡੀਆਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਇਹ ਫੈਸਲਾ ਗੱਡੀ ਬਣਾਉਣ ਦੀ ਲਾਗਤ 'ਚ ਹੋਏ ਵਾਧੇ ਤੋਂ ਬਾਅਦ ਲਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।



ਇੰਨੇ ਪ੍ਰਤੀਸ਼ਤ ਦਾ ਵਾਧਾ
CNBC-TV18 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, Tata Motors ਨੇ ਆਪਣੇ ਵਾਹਨਾਂ ਦੀ ਕੀਮਤ ਵਿੱਚ ਲਗਭਗ 1.1% ਦਾ ਵਾਧਾ ਕੀਤਾ ਹੈ। ਵਾਹਨ ਦੀਆਂ ਕੀਮਤਾਂ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਤੈਅ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਟਾਟਾ ਮੋਟਰਸ ਨੇ ਦੂਜੀ ਵਾਰ ਆਪਣੇ ਵਾਹਨਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 22 ਮਾਰਚ ਨੂੰ ਕੰਪਨੀ ਨੇ ਆਪਣੇ ਕਮਰਸ਼ੀਅਲ ਵਾਹਨਾਂ ਦੀ ਕੀਮਤ ਵਧਾ ਦਿੱਤੀ ਸੀ। ਇਹ ਵਾਧਾ 2-2.5% ਦਾ ਕੀਤਾ ਗਿਆ ਸੀ। ਇਹ ਵਾਧਾ ਵੀ 1 ਅਪ੍ਰੈਲ 2022 ਤੋਂ ਲਾਗੂ ਕੀਤਾ ਗਿਆ ਹੈ। ਦੱਸ ਦੇਈਏ ਕਿ ਯਾਤਰੀ ਵਾਹਨਾਂ ਦੀ ਕੀਮਤ ਵਿੱਚ 1.1% ਦਾ ਵਾਧਾ ਅੱਜ ਤੋਂ ਹੀ ਯਾਨੀ 23 ਅਪ੍ਰੈਲ 2022 ਤੋਂ ਲਾਗੂ ਹੋ ਗਿਆ ਹੈ। ਯਾਨੀ ਅੱਜ ਤੋਂ ਕਾਰ ਖਰੀਦਣ ਦਾ ਤੁਹਾਡਾ ਸੁਪਨਾ ਮਹਿੰਗਾ ਹੋ ਗਿਆ ਹੈ।



ਕੰਪਨੀ ਨੇ ਲਾਗਤ ਵਧਣ ਦਾ ਦਿੱਤਾ ਹਵਾਲਾ 
ਟਾਟਾ ਮੋਟਰਜ਼ ਨੇ ਆਪਣੇ ਵਾਹਨਾਂ ਦੀ ਕੀਮਤ 'ਚ ਵਾਧੇ ਦਾ ਕਾਰਨ ਜ਼ਿਆਦਾ ਲਾਗਤ ਨੂੰ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਹਾਲ ਦੇ ਸਮੇਂ 'ਚ ਕਈ ਚੀਜ਼ਾਂ ਜਿਵੇਂ ਐਲੂਮੀਨੀਅਮ, ਸਟੀਲ ਅਤੇ ਹੋਰ ਧਾਤਾਂ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਧੀਆਂ ਹਨ। ਇਸ ਨਾਲ ਕੰਪਨੀ ਦੀ ਲਾਗਤ ਵੀ ਵਧ ਗਈ ਹੈ। ਅਜਿਹੇ 'ਚ ਲਾਗਤ ਵਧਣ ਕਾਰਨ ਕੰਪਨੀ ਨੇ ਯਾਤਰੀ ਵਾਹਨਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੰਪਨੀ ਦੀ ਇਨਪੁਟ ਲਾਗਤ ਦੇ ਪ੍ਰਬੰਧਨ ਲਈ ਲਿਆ ਗਿਆ ਹੈ।


ਮਾਰੂਤੀ ਸੁਜ਼ੂਕੀ ਨੇ ਵੀ ਵਧਾਈ ਕਾਰ ਦੀ ਕੀਮਤ 
ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ 18 ਅਪ੍ਰੈਲ ਨੂੰ ਆਪਣੀ ਕਾਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਹ ਵਾਧਾ ਲਗਭਗ 1.3% ਸੀ। ਮਾਰੂਤੀ ਸੁਜ਼ੂਕੀ ਨੇ ਵੀ ਕਾਰਾਂ ਬਣਾਉਣ ਦੀ ਵਧਦੀ ਲਾਗਤ ਦਾ ਹਵਾਲਾ ਦਿੱਤਾ ਸੀ।