Jobs in 2022 in India: ਭਾਰਤ ਦੀ ਸਭ ਤੋਂ ਵੱਡੀ ਸਾਫ਼ਟਵੇਅਰ ਸੇਵਾ ਨਿਰਯਾਤਕ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਇਸ ਵਿੱਤੀ ਸਾਲ 2022-23 'ਚ 40 ਹਜ਼ਾਰ ਮੁਲਾਜ਼ਮਾਂ ਦੀ ਭਰਤੀ ਕਰੇਗੀ। ਕੰਪਨੀ ਨੇ ਇਸ ਦਾ ਐਲਾਨ ਕੀਤਾ ਹੈ। ਕੋਰੋਨਾ ਮਹਾਂਮਾਰੀ ਨਾਲ ਦੁਨੀਆਂ ਭਰ 'ਚ ਆਰਥਿਕ ਚੁਣੌਤੀਆਂ ਵਿਚਕਾਰ ਟੀਸੀਐਸ ਨੇ ਸਾਲ 2021 'ਚ ਆਈਟੀ ਡੋਮੇਨ 'ਚ 40,165 ਮੁਲਾਜ਼ਮਾਂ ਦੀ ਭਰਤੀ ਕੀਤੀ ਸੀ।



ਟੀਸੀਐਸ ਨੇ ਆਪਣੇ ਸਾਲਾਨਾ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 31 ਮਾਰਚ ਨੂੰ ਖ਼ਤਮ ਹੋਈ ਤਿਮਾਹੀ 'ਚ 35,209 ਭਰਤੀਆਂ ਕੀਤੀਆਂ। ਕੰਪਨੀ ਵੱਲੋਂ ਇੱਕ ਤਿਮਾਹੀ 'ਚ ਕੀਤੀ ਗਈ ਇਹ ਸਭ ਤੋਂ ਵੱਡੀ ਭਰਤੀ ਹੈ। ਕੰਪਨੀ ਨੇ ਵਿੱਤੀ ਸਾਲ-22 'ਚ ਕੈਂਪਸ ਵਿੱਚ 1 ਲੱਖ ਫਰੈਸ਼ਰ ਭਰਤੀ ਕੀਤੇ, ਜਦਕਿ ਉਸ ਦਾ ਟੀਚਾ 40 ਹਜ਼ਾਰ ਸੀ। ਟੀਸੀਐਸ ਨੇ ਕਿਹਾ ਕਿ ਉਸ ਨੇ FY23 ਲਈ ਵੀ ਅਜਿਹਾ ਹੀ ਟੀਚਾ ਰੱਖਿਆ ਹੈ।

ਟੀਸੀਐਸ 'ਚ ਮੌਜੂਦਾ ਸਮੇਂ ਮੁਲਾਜ਼ਮਾਂ ਦੀ ਗਿਣਤੀ 5 ਲੱਖ 92 ਹਜ਼ਾਰ 125 ਹੈ। ਟੀਸੀਐਸ ਐਟਲਸ ਹਾਇਰਿੰਗ ਕੈਟਾਗਰੀ ਦੇ ਅਧੀਨ ਭਰਤੀ ਕਰ ਰਿਹਾ ਹੈ, ਜੋ ਕਿ ਸਾਲ 2020, 2021 ਅਤੇ 2022 ਦੇ ਐਮਐਸਸੀ ਅਤੇ ਐਮਏ ਗ੍ਰੈਜੂਏਟਾਂ ਲਈ ਹੈ। ਚੁਣੇ ਗਏ ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਤੇ ਇੱਕ ਇੰਟਰਵਿਊ ਪਾਸ ਕਰਨੀ ਹੋਵੇਗੀ। ਰਜਿਸਟ੍ਰੇਸ਼ਨ tcs.com 'ਤੇ ਕੀਤੀ ਜਾ ਸਕਦੀ ਹੈ ਤੇ 20 ਅਪ੍ਰੈਲ ਨੂੰ ਬੰਦ ਹੋਵੇਗੀ। ਟੀਸੀਐਸ ਡਿਜ਼ੀਟਲ ਹਾਇਰਿੰਗ ਡਰਾਈਵ ਅੱਜ ਖ਼ਤਮ ਹੋ ਰਹੀ ਹੈ, ਜਿਸ ਤਹਿਤ ਟੈੱਕ ਦਿੱਗਜ਼ BE, BTech, ME, MTech, MCA ਅਤੇ MSc ਸਮੇਤ ਵੱਖ-ਵੱਖ ਸਟ੍ਰੀਮਾਂ ਤੋਂ ਫਰੈਸ਼ਰਾਂ ਦੀ ਭਰਤੀ ਕਰਦੀ ਹੈ।

ਸ਼ਾਨਦਾਰ ਰਿਹਾ ਟੀਸੀਐਸ ਦਾ ਪ੍ਰਦਰਸ਼ਨ
ਪਿਛਲੇ ਵਿੱਤੀ ਸਾਲ 'ਚ ਟੀਸੀਐਸ ਦਾ ਵਿੱਤੀ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਮਾਰਚ 2022 ਨੂੰ ਖ਼ਤਮ ਹੋਈ ਚੌਥੀ ਤਿਮਾਹੀ 'ਚ ਕੰਪਨੀ ਦੀ ਆਮਦਨ ਪਹਿਲੀ ਵਾਰ 50,000 ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਕੰਪਨੀ ਦਾ ਸ਼ੁੱਧ ਲਾਭ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) 'ਚ ਸਾਲਾਨਾ ਆਧਾਰ 'ਤੇ 7.4 ਫੀਸਦੀ ਵੱਧ ਕੇ 9926 ਕਰੋੜ ਰੁਪਏ ਰਿਹਾ। ਤਿਮਾਹੀ ਨਤੀਜੇ ਬਿਹਤਰ ਰਹਿਣ ਕਾਰਨ ਇਸ ਦੀ ਸਾਲਾਨਾ ਆਮਦਨ ਪਹਿਲੀ ਵਾਰ 25 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ।

ਟੀਸੀਐਸ ਤੋਂ ਇਲਾਵਾ ਇਹ ਕੰਪਨੀਆਂ ਵੀ ਭਰਤੀ ਦੀ ਕਰ ਰਹੀਆਂ ਤਿਆਰੀ

ਟੀਸੀਐਸ ਤੋਂ ਇਲਾਵਾ ਇਨਫੋਸਿਸ ਵੀ ਇਸ ਸਾਲ ਭਰਤੀ ਦੀ ਤਿਆਰੀ ਕਰ ਰਹੀ ਹੈ। ਇੰਫੋਸਿਸ ਨੇ ਵੀਰਵਾਰ ਨੂੰ ਆਪਣੇ ਚੌਥੇ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 31 ਮਾਰਚ 2022 ਨੂੰ ਖ਼ਤਮ ਹੋਏ ਵਿੱਤੀ ਸਾਲ 'ਚ 85,000 ਫਰੈਸ਼ਰਾਂ ਦੀ ਭਰਤੀ ਕੀਤੀ ਹੈ। ਕੰਪਨੀ ਵੱਲੋਂ ਇਸ ਸਾਲ 50 ਹਜ਼ਾਰ ਫਰੈਸ਼ਰਾਂ ਦੀ ਭਰਤੀ ਕਰਨ ਦੀ ਉਮੀਦ ਹੈ।

ਇਸ ਤੋਂ ਇਲਾਵਾ ਵਿਪਰੋ, ਐਚਸੀਐਲ, ਕੌਂਗਨੀਜੇਂਟ (Cognizant) ਤੇ ਕੈਪਜੇਮਿਨੀ (Capgemini) ਵੀ ਹਜ਼ਾਰਾਂ ਲੋਕਾਂ ਦੀ ਭਰਤੀ ਕਰੇਗੀ। ਮਾਹਿਰਾਂ ਦੇ ਅੰਦਾਜ਼ੇ ਮੁਤਾਬਕ ਇਸ ਸਾਲ ਇਨ੍ਹਾਂ ਸਾਰੀਆਂ ਆਈਟੀ ਕੰਪਨੀਆਂ 'ਚ ਕੁੱਲ 3 ਲੱਖ ਭਰਤੀਆਂ ਹੋ ਸਕਦੀਆਂ ਹਨ।