Mumbai Police : ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ (Mukesh Ambani ) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਬਿਹਾਰ ਦੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੀ ਟੀਮ ਨੇ ਬੁੱਧਵਾਰ ਅੱਧੀ ਰਾਤ ਨੂੰ ਦਰਭੰਗਾ ਜ਼ਿਲ੍ਹੇ ਤੋਂ ਮੁਲਜ਼ਮ ਨੂੰ ਫੜਿਆ ਅਤੇ ਉਸ ਨੂੰ ਮੁੰਬਈ ਲਿਆਂਦਾ ਹੈ। ਇਹ ਧਮਕੀ ਬੀਤੇ ਦਿਨ ਫੋਨ ਰਾਹੀਂ ਦਿੱਤੀ ਗਈ ਸੀ।
ਪਰਿਵਾਰ ਤੇ ਹਸਪਤਾਲ ਨੂੰ ਉਡਾਉਣ ਦੀ ਮਿਲੀ ਸੀ ਧਮਕੀ
ਇਸ ਮਾਮਲੇ ਵਿੱਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਤੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਮੋਬਾਈਲ ਤੋਂ ਧਮਕੀ ਦਿੱਤੀ ਗਈ ਸੀ, ਉਸ ਨੂੰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੰਬਈ ਦੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਅਤੇ ਖੋਜ ਕੇਂਦਰ ਦੇ ਇੱਕ ਅਣਜਾਣ ਨੰਬਰ ਤੋਂ ਬੁੱਧਵਾਰ ਨੂੰ ਧਮਕੀ ਭਰੀ ਕਾਲ ਆਈ। ਫੋਨ ਕਰਨ ਵਾਲੇ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਦੋਵਾਂ ਪੁੱਤਰਾਂ ਆਕਾਸ਼ ਅਤੇ ਅਨੰਤ ਅੰਬਾਨੀ ਨੂੰ ਹਸਪਤਾਲ ਨੂੰ ਉਡਾਉਣ ਤੋਂ ਇਲਾਵਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਾਮਲੇ 'ਚ ਮੁੰਬਈ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਵੀਰਵਾਰ ਨੂੰ ਮੁੰਬਈ ਪੁਲਿਸ ਨੇ ਦਰਭੰਗਾ ਦੇ ਮਾਂਗਾਚੀ ਥਾਣਾ ਖੇਤਰ ਦੇ ਬ੍ਰਹਮਪੁਰਾ ਪਿੰਡ 'ਚ ਛਾਪੇਮਾਰੀ ਕੀਤੀ। ਪੁਲਿਸ ਨੇ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਪਿੰਡ ਬ੍ਰਹਮਪੁਰਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਐਸਐਸਪੀ ਆਕਾਸ਼ ਕੁਮਾਰ ਨੇ ਦੱਸਿਆ ਕਿ ਮੁੰਬਈ ਪੁਲਿਸ ਰਾਕੇਸ਼ ਕੁਮਾਰ ਮਿਸ਼ਰਾ ਨੂੰ ਆਪਣੇ ਨਾਲ ਲੈ ਗਈ ਹੈ। ਪੁਲਿਸ ਇਸ ਪੂਰੇ ਘਟਨਾਕ੍ਰਮ 'ਚ ਰਾਕੇਸ਼ ਤੋਂ ਪੁੱਛਗਿੱਛ ਕਰੇਗੀ। ਬ੍ਰਹਮਪੁਰਾ ਵਿੱਚ ਪੁਲਿਸ ਦੇ ਅਚਾਨਕ ਆ ਜਾਣ ਨਾਲ ਪਿੰਡ ਵਾਸੀ ਵੀ ਹੈਰਾਨ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ ਹੈ। ਇਲਾਕਾ ਵਾਸੀਆਂ ਨੂੰ ਬਾਅਦ ਵਿੱਚ ਇਸ ਸਾਰੇ ਮਾਮਲੇ ਦਾ ਦਾ ਪਤਾ ਲੱਗਾ।