Tomato Rate Hike: ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਬੇਮੌਸਮੀ ਬਰਸਾਤ ਕਾਰਨ ਟਮਾਟਰ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਾਜ਼ਾਰ 'ਚ ਇਸ ਦੀ ਆਮਦ ਵੀ ਘੱਟ ਗਈ ਹੈ। ਇਸ ਕਾਰਨ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਅੰਕੜੇ ਨੂੰ ਛੂਹਣ ਲੱਗੀ ਹੈ।


ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ 65 ਰੁਪਏ ਪ੍ਰਤੀ ਕਿਲੋ ਟਮਾਟਰ ਵੇਚਣ ਦਾ ਫੈਸਲਾ ਕੀਤਾ ਹੈ। ਇਸ ਨੂੰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (ਐੱਨ.ਸੀ.ਸੀ.ਐੱਫ.), ਨੈਫੇਡ ਅਤੇ ਸਫਲ ਦੇ ਰਿਟੇਲ ਆਊਟਲੇਟਾਂ ਰਾਹੀਂ ਵੇਚਿਆ ਜਾਵੇਗਾ। ਇਸ ਤੋਂ ਇਲਾਵਾ ਮੋਬਾਈਲ ਵੈਨਾਂ ਰਾਹੀਂ ਵੀ ਟਮਾਟਰ ਵੇਚੇ ਜਾਣਗੇ।


ਮੀਂਹ ਕਾਰਨ ਟਮਾਟਰ ਦੀ ਫ਼ਸਲ ਦਾ ਹੋਇਆ ਨੁਕਸਾਨ


ਪਿਛਲੇ ਕੁਝ ਦਿਨਾਂ ਤੋਂ ਟਮਾਟਰ ਸਮੇਤ ਕਈ ਸਬਜ਼ੀਆਂ ਦੇ ਭਾਅ ਵਧ ਗਏ ਹਨ। ਮਹਾਰਾਸ਼ਟਰ ਸਮੇਤ ਕਈ ਇਲਾਕਿਆਂ 'ਚ ਮੀਂਹ ਕਾਰਨ ਟਮਾਟਰ ਦੀ ਫਸਲ ਖਰਾਬ ਹੋ ਗਈ ਹੈ। ਸਰਕਾਰ ਮੁਤਾਬਕ ਅਕਤੂਬਰ 'ਚ ਟਮਾਟਰ ਦੀਆਂ ਕੀਮਤਾਂ 'ਚ 39 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਔਸਤਨ ਕੀਮਤ 44 ਰੁਪਏ ਤੋਂ 62 ਰੁਪਏ ਪ੍ਰਤੀ ਕਿਲੋ ਪ੍ਰਤੀ ਵਧ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਥੋਕ ਮੰਡੀ ਵਿੱਚ ਟਮਾਟਰ ਦੀ ਕੀਮਤ 3562 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 5045 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।


ਸ਼ਾਕਾਹਾਰੀ ਥਾਲੀ ਦੀ ਕੀਮਤ 'ਚ ਹੋਇਆ ਹੈ ਵਾਧਾ 


ਰੇਟਿੰਗ ਏਜੰਸੀ ਕ੍ਰਿਸਿਲ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਵੈਜ ਥਾਲੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਸ਼ਾਕਾਹਾਰੀ ਥਾਲੀ ਦੀਆਂ ਕੀਮਤਾਂ 'ਚ 11 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਸਬਜ਼ੀਆਂ ਦੇ ਭਾਅ ਦਾ ਹੈ। ਹਾਲਾਂਕਿ, ਮਾਸਾਹਾਰੀ ਥਾਲੀ ਦੀਆਂ ਕੀਮਤਾਂ ਵਿੱਚ 2 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਵੀ ਜਦੋਂ ਟਮਾਟਰਾਂ ਦੀਆਂ ਕੀਮਤਾਂ ਵਧੀਆਂ ਸਨ ਤਾਂ ਸਰਕਾਰ ਨੇ ਇਸੇ ਤਰ੍ਹਾਂ ਵਿਕਰੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਦੌਰਾਨ ਟਮਾਟਰ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।


ਕਿਸਾਨਾਂ ਅਤੇ ਖਪਤਕਾਰਾਂ ਨੂੰ ਝੱਲਣੀ ਪਈ ਦੋਹਰੀ ਮਾਰ 


ਵਪਾਰੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਵੀ ਟਮਾਟਰ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਪਿਛਲੇ ਸਾਲ ਉਤਪਾਦਨ ਜ਼ਿਆਦਾ ਸੀ। ਕਈ ਇਲਾਕਿਆਂ ਵਿੱਚ ਟਮਾਟਰ ਦੀ ਫ਼ਸਲ ਵੀ ਬਿਮਾਰੀਆਂ ਨਾਲ ਪ੍ਰਭਾਵਿਤ ਹੈ। ਇਸ ਕਾਰਨ ਸਪਲਾਈ ਵੀ ਘਟ ਗਈ ਹੈ। ਮੀਂਹ ਕਾਰਨ ਆਵਾਜਾਈ ਵੀ ਮਹਿੰਗੀ ਹੋ ਗਈ ਹੈ। ਇਹੀ ਕਾਰਨ ਹੈ ਕਿ ਮਾਨਸੂਨ ਦੌਰਾਨ ਸਬਜ਼ੀਆਂ ਦੇ ਭਾਅ ਵਧ ਜਾਂਦੇ ਹਨ। ਇਸ ਸਾਲ ਪਹਿਲਾਂ ਗਰਮੀ ਕਾਰਨ ਨੁਕਸਾਨ ਹੋਇਆ ਅਤੇ ਫਿਰ ਭਾਰੀ ਮੀਂਹ ਨੇ ਕਿਸਾਨਾਂ ਅਤੇ ਖਪਤਕਾਰਾਂ ਨੂੰ ਦੋਹਰੀ ਮਾਰ ਦਿੱਤੀ ਹੈ।