Vegetable Price : ਪਿਛਲੇ ਕੁਝ ਸਮੇਂ ਤੋਂ ਕੁਝ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧੇ ਹਨ। ਖਾਸ ਕਰਕੇ ਟਮਾਟਰਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਇੱਕ ਕਿਲੋ ਟਮਾਟਰ ਦਾ ਭਾਅ ਕੁਝ ਮਹੀਨੇ ਪਹਿਲਾਂ 10 ਤੋਂ 20 ਰੁਪਏ ਸੀ ਪਰ ਹੁਣ ਇਹੀ ਰੇਟ 80 ਤੋਂ 100 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸ ਦੌਰਾਨ ਸਰਕਾਰ ਵੱਲੋਂ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ।



ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸਰਕਾਰ ਨੂੰ ਅਗਲੇ ਪੰਦਰਵਾੜੇ 'ਚ ਸਬਜ਼ੀਆਂ ਦੀਆਂ ਕੀਮਤਾਂ ਸਥਿਰ ਹੋਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਅਤੇ ਸੋਲਨ ਤੋਂ ਇਲਾਵਾ ਕਰਨਾਟਕ ਤੋਂ ਸਬਜ਼ੀਆਂ ਦੀ ਸਪਲਾਈ ਦਿੱਲੀ 'ਚ ਇਸ ਦੇ ਭਾਅ ਨੂੰ ਪ੍ਰਭਾਵਿਤ ਕਰੇਗੀ ਅਤੇ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ ਸਮੇਤ ਸਬਜ਼ੀਆਂ ਦੀਆਂ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ।



ਕਿਉਂ ਵਧੀਆਂ ਟਮਾਟਰ ਦੀਆਂ ਕੀਮਤਾਂ?



ਰੋਹਿਤ ਕੁਮਾਰ ਨੇ ਕਿਹਾ ਕਿ ਟਮਾਟਰਾਂ ਦੀ ਕੀਮਤ ਵਧਣ ਲਈ ਮੌਸਮ ਜ਼ਿੰਮੇਵਾਰ ਹੈ, ਜਿਸ ਦੇ ਅਗਸਤ ਤੱਕ ਪੂਰੀ ਤਰ੍ਹਾਂ ਸਥਿਰ ਹੋਣ ਦੀ ਉਮੀਦ ਹੈ। ਹਾਲਾਂਕਿ ਪਹਾੜੀ ਸੂਬਿਆਂ ਤੋਂ 15 ਦਿਨਾਂ 'ਚ ਸਪਲਾਈ ਆਉਣ ਨਾਲ ਇਸ ਦੀਆਂ ਕੀਮਤਾਂ ਘੱਟ ਜਾਂ ਸਥਿਰ ਹੋ ਸਕਦੀਆਂ ਹਨ। ਸਕੱਤਰ ਨੇ ਕਿਹਾ ਕਿ ਇਸ ਸਾਲ ਉੱਤਰੀ ਖੇਤਰਾਂ ਵਿੱਚ ਮੌਸਮ ਦੀ ਗੜਬੜੀ ਕਾਰਨ ਆਵਾਜਾਈ ਦੀਆਂ ਸਮੱਸਿਆਵਾਂ ਤੇ ਕਰਨਾਟਕ ਦੇ ਕੋਲਾਰ ਵਿੱਚ ਚਿੱਟੀ ਮੱਖੀ ਦੀ ਬਿਮਾਰੀ ਕਾਰਨ ਸਪਲਾਈ ਦੀ ਸਮੱਸਿਆ ਕਾਰਨ ਕੀਮਤਾਂ ਵਿੱਚ ਤੇਜ਼ੀ ਆਈ ਹੈ।



ਟਮਾਟਰ ਦੀਆਂ ਕੀਮਤਾਂ 'ਚ ਜਲਦ ਹੀ ਆਵੇਗੀ ਕਮੀ 



ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਟਮਾਟਰ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ਕਾਰਨ ਟਮਾਟਰ ਦੇ ਭਾਅ ਵੀ ਵਧ ਗਏ ਹਨ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਕਿਹਾ ਹੈ ਕਿ ਅਜਿਹਾ ਹਰ ਸਾਲ ਹੁੰਦਾ ਹੈ ਕਿਉਂਕਿ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਜਲਦੀ ਹੀ ਇਹ ਕੀਮਤਾਂ ਘਟਾਈਆਂ ਜਾਣਗੀਆਂ।



ਕਿੱਥੇ ਟਮਾਟਰ ਕਿੰਨੇ ਰੁਪਏ ਰੇਟ 



ਅਧਿਕਾਰਤ ਅੰਕੜਿਆਂ ਮੁਤਾਬਕ ਦਿੱਲੀ 'ਚ ਟਮਾਟਰ ਦੀ ਪ੍ਰਚੂਨ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦਕਿ ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਇਹ 120 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਬਿਹਾਰ ਵਿੱਚ ਵੀ ਟਮਾਟਰ ਦੀ ਇਹੀ ਕੀਮਤ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ ਟਮਾਟਰ ਦੀਆਂ ਕੀਮਤਾਂ ਵਿਚ ਵਾਧਾ ਅਸਥਾਈ ਮੌਸਮੀ ਵਰਤਾਰਾ ਹੈ ਅਤੇ ਕੀਮਤਾਂ ਜਲਦੀ ਹੀ ਹੇਠਾਂ ਆਉਣਗੀਆਂ।