Aaadhar Card: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਹੁਣ ਤੱਕ 1.17 ਕਰੋੜ ਤੋਂ ਵੱਧ 12-ਅੰਕਾਂ ਵਾਲੇ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰ ਦਿੱਤਾ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਤਾਂ ਜੋ ਮਰਨ ਵਾਲੇ ਲੋਕਾਂ ਦੇ ਆਧਾਰ ਨੰਬਰਾਂ ਦੀ ਦੁਰਵਰਤੋਂ ਨਾ ਹੋ ਸਕੇ।
ਇਸ ਪਹਿਲਕਦਮੀ ਦੇ ਤਹਿਤ, UIDAI ਨੇ 24 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਮੌਤਾਂ ਲਈ myAadhaar ਪੋਰਟਲ 'ਤੇ ਇੱਕ ਨਵੀਂ ਸਰਵਿਸ Reporting of Death of a Family Member ਸ਼ੁਰੂ ਕੀਤੀ ਹੈ। ਤਾਂ ਜੋ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ 'ਤੇ ਵਿਅਕਤੀ ਪੋਰਟਲ 'ਤੇ ਆ ਕੇ UIDAI ਨੂੰ ਇਸ ਬਾਰੇ ਸੂਚਿਤ ਕਰ ਸਕੇ।
ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਧਾਰ ਡੇਟਾਬੇਸ ਦੀ ਨਿਰੰਤਰ ਸ਼ੁੱਧਤਾ ਬਣਾਈ ਰੱਖਣ ਲਈ, UIDAI ਵੱਖ-ਵੱਖ ਸਰੋਤਾਂ ਤੋਂ ਮੌਤ ਦੇ ਰਿਕਾਰਡ ਪ੍ਰਾਪਤ ਕਰਨ ਅਤੇ ਸਹੀ ਵੈਰੀਫਿਕੇਸ਼ਨ ਤੋਂ ਬਾਅਦ ਆਧਾਰ ਨੰਬਰ ਨੂੰ ਡੀਐਕਟੀਵੇਟ ਕਰਨ ਲਈ ਇਹਨਾਂ ਉਪਾਵਾਂ ਨੂੰ ਸਰਗਰਮੀ ਨਾਲ ਅਪਣਾ ਰਿਹਾ ਹੈ।
UIDAI ਨੇ ਕਿਹਾ ਕਿ ਉਸਨੇ ਭਾਰਤ ਦੇ ਰਜਿਸਟਰਾਰ ਜਨਰਲ (RGI) ਨੂੰ ਆਧਾਰ ਨੰਬਰ ਨਾਲ ਜੁੜੇ ਡੈਥ ਰਿਕਾਰਡਸ ਨੂੰ ਸਾਂਝਾ ਕਰਨ ਲਈ ਕਿਹਾ ਹੈ ਅਤੇ ਸਿਵਲ ਰਜਿਸਟ੍ਰੇਸ਼ਨ ਸਿਸਟਮ (CRS) ਦੀ ਵਰਤੋਂ ਕਰਦੇ ਹੋਏ 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਲਗਭਗ 1.55 ਕਰੋੜ ਡੈਥ ਰਿਕਾਰਡ ਪ੍ਰਾਪਤ ਕੀਤੇ ਹਨ। ਸਹੀ ਵੈਰੀਫਿਕੇਸ਼ਨ ਤੋਂ ਬਾਅਦ, ਇਨ੍ਹਾਂ ਵਿੱਚੋਂ ਲਗਭਗ 1.17 ਕਰੋੜ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ। ਲਗਭਗ 6.7 ਲੱਖ ਡੈਥ ਰਿਕਾਰਡਸ ਦੇ ਆਧਾਰ 'ਤੇ ਨੰਬਰਾਂ ਨੂੰ ਡੀਐਕਟੀਵੇਟ ਕਰਨ ਦਾ ਕੰਮ ਹਾਲੇ ਵੀ ਕੀਤਾ ਜਾ ਰਿਹਾ ਹੈ।
'Reporting of Death of a Family Member' ਦੇ ਤਹਿਤ, ਕਿਸੇ ਪਰਿਵਾਰਕ ਮੈਂਬਰ ਦੀ ਮੌਤ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਮ੍ਰਿਤਕ ਨਾਲ ਆਪਣੇ ਸਬੰਧਾਂ ਦਾ ਸਬੂਤ ਦੇਣਾ ਹੋਵੇਗਾ। ਪੋਰਟਲ 'ਤੇ ਆਧਾਰ ਨੰਬਰ, ਡੈਥ ਰਜਿਸਟ੍ਰੇਸ਼ਨ ਨੰਬਰ ਅਤੇ ਮ੍ਰਿਤਕ ਦੇ ਕਈ ਹੋਰ ਵੇਰਵੇ ਦੇਣੇ ਪੈਣਗੇ। ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਪਹਿਲਾਂ ਤਸਦੀਕ ਕੀਤੀ ਜਾਵੇਗੀ ਅਤੇ ਫਿਰ ਆਧਾਰ ਨੂੰ ਅਯੋਗ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
UIDAI ਇਸ ਕੰਮ ਲਈ ਰਾਜ ਸਰਕਾਰਾਂ ਤੋਂ ਵੀ ਮਦਦ ਲੈ ਰਿਹਾ ਹੈ। ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ, 100 ਸਾਲ ਤੋਂ ਵੱਧ ਉਮਰ ਦੇ ਆਧਾਰ ਕਾਰਡ ਹੋਲਡਰਸ ਨਾਲ ਜੂੜੀ ਜਾਣਕਾਰੀ ਸੂਬਾ ਸਰਕਾਰਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਜ਼ਿੰਦਾ ਹਨ ਜਾਂ ਨਹੀਂ। ਵੈਰੀਫਿਕੇਸ਼ਨ ਰਿਪੋਰਟ ਮਿਲਣ ਤੋਂ ਬਾਅਦ ਹੀ ਆਧਾਰ ਨੰਬਰ ਨੂੰ ਡੀਐਕਟੀਵੇਟ ਕੀਤਾ ਜਾਵੇਗਾ।