ਦੇਸ਼ ਭਰ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਸੇਵਾ ਡਾਊਨ ਹੋਣ ਦੀਆਂ ਸ਼ਿਕਾਇਤ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਨਾਲ ਜੁੜੀਆਂ ਪੋਸਟਾਂ ਕੀਤੀਆਂ ਹਨ। @UPI_NPCI ਨੂੰ ਟੈਗ ਕਰਦਿਆਂ ਯੂਜਰਸ ਨੇ ਪੁੱਛਿਆ, ਕੀ UPI ਸੇਵਾਵਾਂ ਬੰਦ ਹੋ ਗਈਆਂ ਹਨ। ਇਸ ਦੌਰਾਨ, ਕੁਝ ਹੋਰ ਯੂਜਰਸ ਨੇ ਬੈਂਕਾਂ ਤੋਂ ਵੀ UPI ਦੇ ਬੰਦ ਹੋਣ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਸਬੰਧੀ ਸਰਕਾਰ ਅਤੇ ਭੁਗਤਾਨ ਸੇਵਾਵਾਂ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਯੂਜ਼ਰਸ ਨੇ ਟਵਿੱਟਰ 'ਤੇ PhonePe, Google Pay ਅਤੇ Paytm ਵਰਗੀਆਂ ਵੱਡੀਆਂ UPI ਐਪਾਂ ਰਾਹੀਂ ਲੈਣ-ਦੇਣ ਨਾ ਹੋਣ ਦੀ ਸ਼ਿਕਾਇਤ ਕੀਤੀ। ਲੋਕਾਂ ਨੂੰ ਭੁਗਤਾਨ ਕਰਨ ਜਾਂ ਪੈਸੇ ਟ੍ਰਾਂਸਫਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਇਹ ਤੀਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਅਤੇ ਜਨਵਰੀ 'ਚ UPI ਦਾ ਸਰਵਰ ਡਾਊਨ ਹੋ ਗਿਆ ਸੀ। NPCI ਨੇ ਅਜੇ ਤੱਕ ਇਸ ਬਾਰੇ ਕੋਈ ਰਸਮੀ ਟਵੀਟ ਜਾਂ ਬਿਆਨ ਜਾਰੀ ਨਹੀਂ ਕੀਤਾ ਹੈ।


ਯੂਨੀਫਾਈਡ ਪੇਮੈਂਟਸ ਇੰਟਰਫੇਸ ਇੱਕ ਰੀਅਲ-ਟਾਈਮ ਭੁਗਤਾਨ ਪ੍ਰਣਾਲੀ ਹੈ ਜੋ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਚਲਾਈ ਜਾਂਦੀ ਹੈ। ਯੂਪੀਆਈ ਵਰਤਮਾਨ ਵਿੱਚ ਭਾਰਤ ਦੇ ਪ੍ਰਚੂਨ ਲੈਣ-ਦੇਣ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ। ਇਹ ਭੁਗਤਾਨ ਪ੍ਰਣਾਲੀਆਂ ਵੱਡੀ ਮਾਤਰਾ ਵਿੱਚ ਲੈਣ-ਦੇਣ ਨੂੰ ਸੰਭਾਲਦੀਆਂ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਘੱਟ ਮੁੱਲ ਵਾਲੇ ਲੈਣ-ਦੇਣ ਹਨ। 100 ਰੁਪਏ ਤੋਂ ਘੱਟ ਦਾ ਲੈਣ-ਦੇਣ UPI ਵਾਲਿਊਮ ਦਾ 75 ਫੀਸਦੀ ਬਣਦਾ ਹੈ।