1 ਜੁਲਾਈ 2025 ਤੋਂ ਭਾਰਤ ਵਿੱਚ ਕਈ ਮਹੱਤਵਪੂਰਨ ਵਿੱਤੀ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਅਸਰ ਆਮ ਆਦਮੀ ਤੋਂ ਲੈ ਕੇ ਵਪਾਰੀਆਂ ਤੱਕ ਸਭ 'ਤੇ ਪਵੇਗਾ। ਇਨ੍ਹਾਂ ਵਿੱਚ UPI ਭੁਗਤਾਨ, PAN ਕਾਰਡ ਲਈ ਅਰਜ਼ੀ, ਤਤਕਾਲ ਟ੍ਰੇਨ ਟਿਕਟ ਬੁਕਿੰਗ, GST ਰਿਟਰਨ ਅਤੇ HDFC ਬੈਂਕ ਦੇ ਕ੍ਰੈਡਿਟ ਕਾਰਡ ਵਰਗੇ ਪੱਖ ਸ਼ਾਮਲ ਹਨ। ਸਰਕਾਰ ਅਤੇ ਸੰਸਥਾਵਾਂ ਇਨ੍ਹਾਂ ਨਵੇਂ ਨਿਯਮਾਂ ਰਾਹੀਂ ਪ੍ਰਕਿਰਿਆਵਾਂ ਨੂੰ ਹੋਰ ਵੀ ਵੱਧ ਪਾਰਦਰਸ਼ੀ ਅਤੇ ਤਕਨੀਕੀ ਤੌਰ 'ਤੇ ਸੁਰੱਖਿਅਤ ਬਣਾਉਣਾ ਚਾਹੁੰਦੀਆਂ ਹਨ।

UPI ਚਾਰਜਬੈਕ ਲਈ ਨਵਾਂ ਨਿਯਮ

ਹੁਣ ਤੱਕ ਜੇਕਰ ਕਿਸੇ ਲੈਣ-ਦੇਣ 'ਤੇ ਚਾਰਜਬੈਕ ਦਾ ਕਲੇਮ ਰੱਦ ਹੋ ਜਾਂਦਾ ਸੀ, ਤਾਂ ਬੈਂਕ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਤਾਂ ਜੋ ਉਸ ਮਾਮਲੇ ਨੂੰ ਦੁਬਾਰਾ ਪ੍ਰੋਸੈਸ ਕੀਤਾ ਜਾ ਸਕੇ। ਪਰ 20 ਜੂਨ 2025 ਨੂੰ ਐਲਾਨ ਕੀਤੇ ਗਏ ਨਵੇਂ ਨਿਯਮ ਅਨੁਸਾਰ, ਹੁਣ ਬੈਂਕ ਆਪਣੇ ਪੱਧਰ 'ਤੇ ਹੀ ਸਹੀ ਚਾਰਜਬੈਕ ਕਲੇਮਾਂ ਨੂੰ ਦੁਬਾਰਾ ਪ੍ਰੋਸੈਸ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ NPCI ਦੀ ਮਨਜ਼ੂਰੀ ਦੀ ਉਡੀਕ ਨਹੀਂ ਕਰਨੀ ਪਏਗੀ। ਇਸ ਨਾਲ ਗ੍ਰਾਹਕਾਂ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੱਲ ਮਿਲੇਗਾ।

ਨਵਾਂ PAN ਕਾਰਡ ਬਣਵਾਉਣ ਲਈ ਆਧਾਰ ਲਾਜ਼ਮੀ

ਹੁਣ ਜੇ ਕੋਈ ਵਿਅਕਤੀ ਨਵਾਂ PAN ਕਾਰਡ ਬਣਵਾਉਣਾ ਚਾਹੁੰਦਾ ਹੈ ਤਾਂ ਉਸ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੋਵੇਗਾ। ਅਜੇ ਤੱਕ ਕਿਸੇ ਵੀ ਮਨਜ਼ੂਰਸ਼ੁਦਾ ਪਛਾਣ ਪੱਤਰ ਅਤੇ ਜਨਮ ਸਰਟੀਫਿਕੇਟ ਨਾਲ ਕੰਮ ਚੱਲ ਜਾਂਦਾ ਸੀ, ਪਰ CBDT (Central Board of Direct Taxes) ਨੇ 1 ਜੁਲਾਈ 2025 ਤੋਂ ਆਧਾਰ ਦੀ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦਾ ਉਦੇਸ਼ ਜਾਲਸਾਜੀ ਅਤੇ ਫ਼ਰਜ਼ੀ ਪਛਾਣ ਨੂੰ ਰੋਕਣਾ ਹੈ।

ਤਤਕਾਲ ਟਿਕਟ ਬੁਕਿੰਗ ਲਈ ਹੁਣ ਆਧਾਰ ਅਤੇ OTP ਲਾਜ਼ਮੀ

ਜੇ ਤੁਸੀਂ ਟਰੇਨ ਵਿੱਚ ਤਤਕਾਲ ਟਿਕਟ ਬੁਕ ਕਰਦੇ ਹੋ, ਤਾਂ ਹੁਣ ਇਹ ਪ੍ਰਕਿਰਿਆ ਕੁਝ ਵੱਖਰੀ ਹੋਵੇਗੀ। 1 ਜੁਲਾਈ 2025 ਤੋਂ IRCTC ਦੀ ਵੈੱਬਸਾਈਟ ਅਤੇ ਮੋਬਾਇਲ ਐਪ ਰਾਹੀਂ ਤਤਕਾਲ ਟਿਕਟ ਬੁਕ ਕਰਨ ਲਈ ਆਧਾਰ ਵੈਰੀਫਿਕੇਸ਼ਨ ਲਾਜ਼ਮੀ ਹੋਵੇਗੀ। ਇਸਦੇ ਨਾਲ ਹੀ, 15 ਜੁਲਾਈ 2025 ਤੋਂ ਤਤਕਾਲ ਟਿਕਟ ਬੁਕ ਕਰਦਿਆਂ OTP ਵੀ ਦਰਜ ਕਰਨਾ ਹੋਵੇਗਾ, ਭਾਵੇਂ ਤੁਸੀਂ ਟਿਕਟ ਆਨਲਾਈਨ ਬੁਕ ਕਰੋ ਜਾਂ ਕਿਸੇ PRS ਕਾਊਂਟਰ ਤੋਂ।

ਇਸ ਦੇ ਇਲਾਵਾ, ਮਨਜ਼ੂਰਸ਼ੁਦਾ ਟਿਕਟ ਏਜੰਟ ਹੁਣ ਬੁਕਿੰਗ ਵਿੰਡੋ ਖੁਲ੍ਹਣ ਤੋਂ ਪਹਿਲਾਂ 30 ਮਿੰਟ ਤੱਕ ਤਤਕਾਲ ਟਿਕਟਾਂ ਦੀ ਬੁਕਿੰਗ ਨਹੀਂ ਕਰ ਸਕਣਗੇ। AC ਕਲਾਸ ਦੀਆਂ ਟਿਕਟਾਂ ਲਈ ਇਹ ਰੋਕ ਸਵੇਰੇ 10:00 ਤੋਂ 10:30 ਵਜੇ ਤੱਕ ਹੋਵੇਗੀ ਅਤੇ ਨਾਨ-AC ਟਿਕਟਾਂ ਲਈ ਸਵੇਰੇ 11:00 ਤੋਂ 11:30 ਵਜੇ ਤੱਕ।

GST ਰਿਟਰਨ 'ਚ ਵੀ ਨਿਯਮ ਹੋਏ ਸਖ਼ਤ

GST ਨੈਟਵਰਕ (GSTN) ਨੇ ਘੋਸ਼ਣਾ ਕੀਤੀ ਹੈ ਕਿ ਜੁਲਾਈ 2025 ਤੋਂ GSTR-3B ਫਾਰਮ ਨੂੰ ਸੋਧਿਆ ਨਹੀਂ ਜਾ ਸਕੇਗਾ। ਇਸਦੇ ਇਲਾਵਾ, ਹੁਣ ਕੋਈ ਵੀ ਕਰਦਾਤਾ ਤਿੰਨ ਸਾਲ ਬਾਅਦ ਪਿਛਲੀ ਮਿਤੀ ਦਾ GST ਰਿਟਰਨ ਫਾਇਲ ਨਹੀਂ ਕਰ ਸਕੇਗਾ। ਇਹ ਨਿਯਮ ਕਈ ਰਿਟਰਨ ਫਾਰਮਾਂ 'ਤੇ ਲਾਗੂ ਹੋਵੇਗਾ, ਜਿਵੇਂ– GSTR-1, GSTR-3B, GSTR-4, GSTR-5, GSTR-5A, GSTR-6, GSTR-7, GSTR-8 ਅਤੇ GSTR-9। ਇਸ ਤਬਦੀਲੀ ਦਾ ਮਕਸਦ ਸਮੇਂ ਸਿਰ ਰਿਟਰਨ ਭਰਨ ਦੀ ਆਦਤ ਨੂੰ ਵਧਾਵਾ ਦੇਣਾ ਹੈ।

HDFC ਬੈਂਕ ਦੇ ਕਰੈਡਿਟ ਕਾਰਡ ਯੂਜ਼ਰਾਂ ਲਈ ਵੱਡੀ ਖ਼ਬਰ

1 ਜੁਲਾਈ ਤੋਂ HDFC ਬੈਂਕ ਦੇ ਕਰੈਡਿਟ ਕਾਰਡ ਧਾਰਕਾਂ ਲਈ ਕਈ ਨਵੇਂ ਚਾਰਜ ਅਤੇ ਰਿਵਾਰਡ ਨੀਤੀਆਂ 'ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਜੇਕਰ ਤੁਹਾਡਾ ਮਹੀਨੇ ਭਰ ਦਾ ਖਰਚਾ ₹10,000 ਤੋਂ ਵੱਧ ਹੋਇਆ ਤਾਂ 1% ਵਾਧੂ ਸ਼ੁਲਕ ਲੱਗੇਗਾ।

ਇਸਦੇ ਇਲਾਵਾ, ₹50,000 ਤੋਂ ਵੱਧ ਯੂਟਿਲਿਟੀ ਬਿਲ, ₹10,000 ਤੋਂ ਵੱਧ ਆਨਲਾਈਨ ਗੇਮਿੰਗ, ₹15,000 ਤੋਂ ਵੱਧ ਫਿਊਲ ਖਰਚ ਅਤੇ ਸਿੱਖਿਆ ਜਾਂ ਕਿਰਾਏ ਨਾਲ ਜੁੜੀਆਂ ਥਰਡ ਪਾਰਟੀ ਭੁਗਤਾਨਾਂ 'ਤੇ ਵੀ 1% ਚਾਰਜ ਲੱਗੇਗਾ।

ਇਹਨਾਂ ਸਾਰੇ ਚਾਰਜਾਂ ਦੀ ਵੱਧ ਤੋਂ ਵੱਧ ਸੀਮਾ ₹4,999 ਪ੍ਰਤੀ ਮਹੀਨਾ ਹੋਵੇਗੀ। ਇਸਦੇ ਨਾਲ ਹੀ, ਹੁਣ ਆਨਲਾਈਨ ਸਕਿੱਲ-ਬੇਸਡ ਗੇਮਿੰਗ 'ਤੇ ਕੋਈ ਵੀ ਰਿਵਾਰਡ ਪੌਇੰਟ ਨਹੀਂ ਮਿਲੇਗਾ ਅਤੇ ਬੀਮਾ ਭੁਗਤਾਨ 'ਤੇ ਮਿਲਣ ਵਾਲੇ ਰਿਵਾਰਡ ਪੌਇੰਟਸ 'ਤੇ ਵੀ ਸੀਮਾ ਲਾਈ ਗਈ ਹੈ।