ਨਵੀਂ ਦਿੱਲੀ: ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੱਚੇ ਤੇਲ ਤੇ ਖਣਿਜ ਤੇਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਣ ਥੋਕ ਕੀਮਤਾਂ ਉੱਤੇ ਆਧਾਰਤ ਮੁਦਰਾ ਸਫ਼ੀਤੀ (ਨੋਟ ਪਸਾਰੇ ਦੀ ਦਰ - WPI) ਅਪ੍ਰੈਲ 2021 ’ਚ ਹੁਣ ਤੱਕ ਦੇ ਸਭ ਤੋਂ ਉਚੇ ਪੱਧਰ ਭਾਵ 10.49 ਫ਼ੀਸਦੀ ਉੱਤੇ ਪੁੱਜ ਗਈ ਹੈ। ਥੋਕ ਕੀਮਤਾਂ ਉੱਤੇ ਆਧਾਰਤ ਮੁਦਰਾ ਸਫ਼ੀਤੀ ਮਾਰਚ ਮਹੀਨੇ 7.39 ਫ਼ੀਸਦੀ ਉੱਤੇ ਸੀ। ਫ਼ਰਵਰੀ ’ਚ ਥੋਕ ਮਹਿੰਗਾਈ ਦਰ 4.17 ਫ਼ੀ ਸਦੀ ਸੀ। ਜਨਵਰੀ ਲਈ WPI ਮੁਦਰਾਸਫ਼ੀਤੀ ਦਰ 2.51 ਫ਼ੀਸਦੀ ਸੀ।


ਹਰ ਮਹੀਨੇ ਦੇ ਆਧਾਰ ਉੱਤੇ ਥੋਕ ਮਹਿੰਗਾਈ ਦਰ ਵਿੱਚ ਮਾਰਚ ਦੇ 7.39 ਫ਼ੀਸਦੀ ਦੇ ਮੁਕਾਬਲੇ 3.1 ਫ਼ੀਸਦੀ ਦਾ ਵਾਧਾ ਹੋਇਆ ਹੈ। ਮਾਰਚ ਮਹੀਨੇ ਇਹ ਅੱਠ ਸਾਲ ਦੇ ਉੱਚਤਮ ਪੱਧਰ ਉੱਤੇ ਸੀ। ਪਿਛਲੇ ਵਰ੍ਹੇ ਕੋਵਿਡ-19 ਮਹਾਮਾਰੀ ਦਾ ਕਹਿਰ ਰੋਕਣ ਲਈ ਲਾਏ ਗਏ ਦੇਸ਼ ਪੱਧਰੀ ਲੌਕਡਾਊਨ ਦੇ ਚੱਲਦਿਆਂ ਕੀਮਤਾਂ ਘੱਟ ਸਨ। WPI ਮੁਦਰਾ ਸਫ਼ੀਤੀ ਵਿੱਚ ਲਗਾਤਾਰ ਚੌਥੇ ਮਹੀਨੇ ਵਾਧਾ ਹੋਇਆ ਹੈ।



ਕੱਚੇ ਤੇਲ ਤੇ ਨਿਰਮਾਣ ਹੋਈਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਣ ਥੋਕ ਕੀਮਤਾਂ ਉੱਤੇ ਆਧਾਰਤ ਮੁਦਰਾ ਸਫ਼ੀਤੀ ਅਪ੍ਰੈਲ ਵਿੱਚ ਹੁਣ ਤੱਕ ਦੇ ਉੱਚਤਮ ਪੱਧਰ ਉੱਤੇ ਪੁੱਜ ਗਈ। ਇਸ ਤੋਂ ਇਲਾਵਾ ਪਿਛਲੇ ਵਰ੍ਹੇ ਅਪ੍ਰੈਲ ਦੇ ਘੱਟ ਆਧਾਰ ਨੇ ਵੀ ਅਪ੍ਰੈਲ 2021 ਦੌਰਾਨ ਮੁਦਰਾ-ਸਫ਼ੀਤੀ ਵਿੱਚ ਹੋਏ ਵਾਧੇ ’ਚ ਯੋਗਦਾਨ ਪਾਇਆ।


ਅਪ੍ਰੈਲ 2020 ’ਚ ਰਿਣਾਤਮਕ 1.57 ਫ਼ੀਸਦੀ ਸੀ। ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਮੁੱਖ ਤੌਰ ਉੱਤੇ ਕੱਚੇ ਤੇਲ, ਪੈਟਰੋਲ ਤੇ ਡੀਜ਼ਲ ਜਿਹੇ ਖਣਿਜ ਤੇਲਾਂ ਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਚੱਲਦਿਆਂ ਅਪ੍ਰੈਲ 2021 ’ਚ ਮੁਦਰਾ ਸਫ਼ੀਤੀ ਦੀ ਸਾਲਾਨਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਵੱਧ ਹੈ।


ਇਸ ਦੌਰਾਨ ਆਂਡੇ, ਮਾਸ ਤੇ ਮੱਛੀ ਜਿਹੇ ਪ੍ਰੋਟੀਨ ਵਾਲੇ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਦੇ ਚੱਲਦਿਆਂ ਖ਼ੁਰਾਕੀ ਵਸਤਾਂ ਦੀ ਮੁਦਰਾ ਸਫ਼ੀਤੀ 4.92 ਫ਼ੀਸਦੀ ਰਹੀ। ਭਾਵੇਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ 9.03 ਫ਼ੀਸਦੀ ਦੀ ਕਮੀ ਹੋਈ।


ਦੂਜੇ ਪਾਸੇ ਆਂਡੇ, ਮਾਸ ਤੇ ਮੱਛੀ ਦੀਆਂ ਕੀਮਤਾਂ 10.88 ਫ਼ੀਸਦੀ ਵਧੀਆਂ। ਅਪ੍ਰੈਲ ਮਹੀਨੇ ਦਾਲਾਂ ਦੀ ਮਹਿੰਗਾਈ ਦਰ 10.74 ਫ਼ੀਸਦੀ ਸੀ, ਜਦ ਕਿ ਫਲਾਂ ਵਿੱਚ ਇਹ 27.43 ਫ਼ੀਸਦੀ ਰਹੀ। ਇਸੇ ਤਰ੍ਹਾਂ ਈਂਧਨ ਤੇ ਬਿਜਲੀ ਦੀ ਮੁਦਰਾ ਸਫ਼ੀਤੀ ਅਪ੍ਰੈਲ ਮਹੀਨੇ 20.94 ਫ਼ੀਸਦੀ ਰਹੀ, ਜਦ ਕਿ ਨਿਰਮਾਣ ਹੋਏ ਉਤਪਾਦਾਂ ਵਿੱਚ ਇਹ 9.01 ਫ਼ੀਸਦੀ ਸੀ।


ਇਹ ਵੀ ਪੜ੍ਹੋ: Simarjit Bains ਤੇ ਅਕਾਲੀ ਲੀਡਰ Gurdeep Gosha ਸਣੇ ਕਈਆਂ ਖ਼ਿਲਾਫ਼ ਕੇਸ ਦਰਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904