Tomatoes Wholesale Rate Down: ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਆਮ ਲੋਕਾਂ ਦੀ ਥਾਲੀ ਵਿੱਚੋਂ ਗਾਇਬ ਹੋ ਗਿਆ ਹੈ। ਬਰਸਾਤ ਦੇ ਮੌਸਮ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਇਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਹੁਣ ਇਸ ਦੌਰਾਨ ਇੱਕ ਖੁਸ਼ਖਬਰੀ ਆਈ ਹੈ। ਸ਼ਨੀਵਾਰ ਨੂੰ ਟਮਾਟਰਾਂ ਦੀ ਥੋਕ ਕੀਮਤ ਵਿੱਚ 29 ਫੀਸਦੀ ਦੀ ਵੱਡੀ ਗਿਰਾਵਟ ਦਰਜ (Tomatoes Wholesale Rate Down) ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਦਿੱਲੀ-ਐਨਸੀਆਰ ਦੇ ਕਈ ਕੇਂਦਰਾਂ 'ਤੇ ਟਮਾਟਰ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ। ਦਿੱਲੀ ਵਿੱਚ ਅੱਜ ਵੀ ਸਸਤੇ ਟਮਾਟਰਾਂ ਦੀ ਵਿਕਰੀ ਜਾਰੀ ਹੈ।



ਟਮਾਟਰ ਥੋਕ ਕੀਮਤ 'ਚ ਹੋਏ 29 ਫੀਸਦੀ ਸਸਤੇ 



ਟਮਾਟਰ ਦੀ ਕੀਮਤ ਬਾਰੇ ਜਾਣਕਾਰੀ ਦਿੰਦੇ ਹੋਏ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਅੱਜ ਭਾਵ ਐਤਵਾਰ 16 ਜੁਲਾਈ ਨੂੰ ਟਮਾਟਰ ਦੀ ਥੋਕ ਕੀਮਤ 10,750 ਰੁਪਏ ਪ੍ਰਤੀ ਕੁਇੰਟਲ ਦੇ ਉੱਚ ਪੱਧਰ ਤੋਂ ਘੱਟ ਕੇ 7,575 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈ ਹੈ। ਅਜਿਹੇ 'ਚ ਟਮਾਟਰ ਦੀ ਥੋਕ ਕੀਮਤ 'ਚ 29 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟਮਾਟਰ ਦੀ ਕੀਮਤ 220 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਅਜਿਹੇ ਵਿੱਚ ਕੇਂਦਰ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ।



ਇਨ੍ਹਾਂ ਸੂਬਿਆਂ ਵਿੱਚ ਵਿਕ ਰਹੇ ਹਨ ਸਸਤੇ ਟਮਾਟਰ



ਸ਼ੁੱਕਰਵਾਰ ਨੂੰ ਦਿੱਲੀ-ਐੱਨਸੀਆਰ 'ਚ ਸਸਤੇ ਭਾਅ 'ਤੇ ਟਮਾਟਰ ਦੀ ਵਿਕਰੀ ਸ਼ੁਰੂ ਹੋ ਗਈ। ਪਰਚੂਨ ਮੰਡੀ ਵਿੱਚ ਜਿੱਥੇ ਟਮਾਟਰ 220 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਥੇ ਇਨ੍ਹਾਂ ਸਰਕਾਰੀ ਕੇਂਦਰਾਂ ’ਤੇ 90 ਰੁਪਏ ਕਿਲੋ ਵਿਕ ਰਿਹਾ ਹੈ। ਟਮਾਟਰਾਂ ਦੀ ਕੀਮਤ ਨੂੰ ਕੰਟਰੋਲ ਕਰਨ ਲਈ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ (NCCF) ਨੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਰਗੇ ਕੁਝ ਸੂਬਿਆਂ ਤੋਂ ਟਮਾਟਰ ਖਰੀਦ ਕੇ ਸਸਤੇ ਭਾਅ ਵੇਚਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ NAFED ਅਤੇ NCCF ਵਰਗੀਆਂ ਖੇਤੀ ਮੰਡੀਕਰਨ ਏਜੰਸੀਆਂ ਨੂੰ ਟਮਾਟਰ ਖਰੀਦਣ (Tomato Price Hike) ਅਤੇ ਕਈ ਸੂਬਿਆਂ ਵਿੱਚ ਸਸਤੇ ਭਾਅ ਵੇਚਣ ਦੇ ਹੁਕਮ ਦਿੱਤੇ ਹਨ। ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਵੀ ਸਸਤੇ ਟਮਾਟਰ ਵਿਕ ਰਹੇ ਹਨ। ਨੈਫੇਡ ਵੀ ਬਿਹਾਰ, ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਵਿੱਚ ਰਿਆਇਤੀ ਦਰਾਂ 'ਤੇ ਟਮਾਟਰ ਵੇਚ ਰਿਹਾ ਹੈ।



ਕਦੋਂ ਹੇਠਾਂ ਆਉਣਗੇ ਟਮਾਟਰਾਂ ਦੇ ਭਾਅ?



ਮਾਨਸੂਨ ਸੀਜ਼ਨ 'ਚ ਟਮਾਟਰ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵੀ ਵਧ ਰਹੇ ਹਨ। ਮਾਹਿਰਾਂ ਅਨੁਸਾਰ ਨਵੀਂ ਫਸਲ ਆਉਣ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗੇ ਟਮਾਟਰਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ ਠੀਕ ਹੋਣ 'ਤੇ ਟਮਾਟਰਾਂ ਦੀ ਕੀਮਤ 'ਚ ਵੀ ਕਮੀ ਆਵੇਗੀ।