Viral Post:  ਵਟਸਐਪ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਤੋਂ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ। ਇਸ ਪੋਸਟ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (RBI) ਨੇ 30 ਸਤੰਬਰ, 2025 ਤੋਂ ਬਾਅਦ ATM ਤੋਂ 500 ਰੁਪਏ ਦੇ ਨੋਟ ਜਾਰੀ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਸਿਰਫ਼ 200 ਅਤੇ 100 ਰੁਪਏ ਦੇ ਨੋਟ ਹੀ ATM 'ਤੇ ਉਪਲਬਧ ਹੋਣਗੇ।

ਸਰਕਾਰ ਨੇ ਤੁਰੰਤ ਕਾਰਵਾਈ ਕੀਤੀ

ਪੋਸਟ ਵਿੱਚ ਕਿਹਾ ਗਿਆ ਹੈ ਕਿ RBI ਨੇ ਸਾਰੇ ਬੈਂਕਾਂ ਨੂੰ ਸਤੰਬਰ 2025 ਦੇ ਅੰਤ ਤੱਕ ATM ਤੋਂ 500 ਰੁਪਏ ਦੇ ਨੋਟ ਜਾਰੀ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਹਲਚਲ ਮਚ ਗਈ। ਵਾਇਰਲ ਪੋਸਟ ਵਿੱਚ ਕੀਤੇ ਗਏ ਇਸ ਦਾਅਵੇ ਦਾ ਖੰਡਨ ਕਰਨ ਲਈ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ।

ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਇਸ ਪੋਸਟ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ RBI ਨੇ ਬੈਂਕਾਂ ਨੂੰ ਅਜਿਹਾ ਕੁਝ ਨਹੀਂ ਕਿਹਾ ਹੈ। PIB ਨੇ ਕਿਹਾ ਕਿ ਇਨ੍ਹਾਂ ਫਰਜ਼ੀ ਖ਼ਬਰਾਂ 'ਤੇ ਧਿਆਨ ਨਾ ਦਿਓ ਅਤੇ ਸਿਰਫ਼ ਸਰਕਾਰੀ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰੋ। 500 ਰੁਪਏ ਦੇ ਨੋਟ ਵੈਧ ਰਹਿਣਗੇ। ਇਸਦਾ ਮਤਲਬ ਹੈ ਕਿ ਤੁਸੀਂ ਅਜੇ ਵੀ ਪਹਿਲਾਂ ਵਾਂਗ ਇਸ ਨਾਲ ਲੈਣ-ਦੇਣ ਕਰ ਸਕੋਗੇ।

ਆਰਬੀਆਈ ਨੇ ਇਹ ਹਦਾਇਤ ਦਿੱਤੀ 

ਹਾਲ ਹੀ ਵਿੱਚ ਰਿਜ਼ਰਵ ਬੈਂਕ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਤੇ ਨਿਰਦੇਸ਼ ਦਿੱਤਾ ਹੈ ਕਿ 30 ਸਤੰਬਰ 2025 ਤੱਕ ਏਟੀਐਮ ਵਿੱਚ 75 ਪ੍ਰਤੀਸ਼ਤ ਨੋਟ 100-200 ਰੁਪਏ ਦੇ ਹੋਣੇ ਚਾਹੀਦੇ ਹਨ। 31 ਮਾਰਚ 2026 ਤੱਕ, ਇਹ ਵਧ ਕੇ 90 ਪ੍ਰਤੀਸ਼ਤ ਹੋ ਜਾਵੇਗਾ। ਇਸ ਦੇ ਪਿੱਛੇ ਦਾ ਉਦੇਸ਼ ਖੁਲ੍ਹੇ ਪੈਸੇ ਦੀ ਸਮੱਸਿਆ ਨੂੰ ਘਟਾਉਣਾ ਹੈ ਤੇ ਗਾਹਕਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਲੋਕਾਂ ਨੂੰ ਛੋਟੇ ਨੋਟਾਂ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਨੀ ਪਵੇਗੀ।