Paytm FASTag News :ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ 31 ਜਨਵਰੀ, 2024 ਤੱਕ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਸੈਂਟਰਲ ਬੈਂਕ ਨੇ ਕੰਪਨੀ ਨੂੰ 29 ਫਰਵਰੀ ਤੋਂ ਬਾਅਦ ਮੌਜੂਦਾ ਗਾਹਕਾਂ ਦੇ ਖਾਤਿਆਂ ਵਿੱਚ ਰਕਮ ਜੋੜਨ ਤੋਂ ਰੋਕਣ ਦਾ ਵੀ ਹੁਕਮ ਦਿੱਤਾ ਹੈ। 29 ਫਰਵਰੀ ਤੋਂ ਬਾਅਦ, ਪੇਟੀਐਮ ਪੇਮੈਂਟਸ ਬੈਂਕ ਦੁਆਰਾ ਕੋਈ ਬੈਂਕਿੰਗ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸਦਾ ਮਤਲਬ ਹੈ ਕਿ 29 ਫਰਵਰੀ ਤੋਂ ਬਾਅਦ, ਪੇਟੀਐਮ ਗਾਹਕ ਆਪਣੇ ਖਾਤਿਆਂ, ਪ੍ਰੀਪੇਡ ਯੰਤਰਾਂ, ਵਾਲਿਟ, ਫਾਸਟੈਗ (Paytm FASTag) ਅਤੇ ਨੈਸ਼ਨਲ ਮੋਬਿਲਿਟੀ ਕਾਰਡਾਂ (National Mobility Cards) ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ। ਆਰਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਪੇਟੀਐਮ ਦੇ ਫਾਸਟੈਗ ਦੀ ਵਰਤੋਂ ਕਰਨ ਵਾਲੇ ਲੋਕ ਭੰਬਲਭੂਸੇ ਵਿੱਚ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਫਰਵਰੀ ਤੋਂ ਬਾਅਦ ਪੇਟੀਐਮ ਫਾਸਟੈਗ ਕੰਮ ਨਹੀਂ ਕਰੇਗਾ।
ਪੇਟੀਐਮ ਫਾਸਟੈਗ 29 ਫਰਵਰੀ ਤੋਂ ਬਾਅਦ ਕੰਮ ਕਰੇਗਾ ਜਾਂ ਨਹੀਂ, ਇਹ ਆਰਬੀਆਈ ਦੇ ਆਦੇਸ਼ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਆਰਬੀਆਈ ਨੇ ਆਪਣੇ ਆਦੇਸ਼ ਵਿੱਚ ਸਪੱਸ਼ਟ ਕੀਤਾ ਹੈ ਕਿ ਪੇਟੀਐਮ ਪੇਮੈਂਟ ਬੈਂਕ ਦੇ ਮੌਜੂਦਾ ਗਾਹਕ ਆਪਣੀ ਮੌਜੂਦਾ ਰਕਮ ਦਾ ਪੂਰਾ ਉਪਯੋਗ ਕਰ ਸਕਦੇ ਹਨ। ਭਾਵੇਂ ਪੈਸਾ ਬਚਤ ਖਾਤੇ, ਚਾਲੂ ਖਾਤਾ, ਪ੍ਰੀਪੇਡ ਸਾਧਨ, ਫਾਸਟੈਗ, ਨੈਸ਼ਨਲ ਜਾਂ ਕਾਮਨ ਮੋਬਿਲਿਟੀ ਕਾਰਡ ਵਿੱਚ ਹੋਵੇ, ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਤੇ ਮਿਤੀ ਦੀ ਕੋਈ ਪਾਬੰਦੀ ਨਹੀਂ ਹੈ।
ਫਾਸਟੈਗ ਐਕਟਿਵ ਰਹੇਗਾ, ਕੋਈ ਨਹੀਂ ਹੋਵੇਗਾ ਰੀਚਾਰਜ
ਇਸ ਤੋਂ ਸਪਸ਼ਟ ਹੈ ਕਿ ਤੁਸੀਂ ਮੌਜੂਦਾ ਸਮੇਂ ਵਿੱਚ ਆਪਣੇ ਖਾਤੇ ਵਿੱਚ ਪਏ ਪੈਸੇ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਿਸੇ ਵੀ ਤਰੀਕ ਤੱਕ ਕਰ ਸਕਦੇ ਹੋ। ਹਾਂ, ਤੁਸੀਂ 29 ਫਰਵਰੀ ਤੋਂ ਬਾਅਦ ਆਪਣਾ ਪੇਟੀਐਮ ਫਾਸਟੈਗ ਖਾਤਾ ਰੀਚਾਰਜ ਨਹੀਂ ਕਰ ਸਕੋਗੇ। ਇਸਦਾ ਮਤਲਬ ਹੈ ਕਿ ਖਾਤੇ ਵਿੱਚ ਪੈਸੇ ਖਰਚ ਹੋਣ ਤੋਂ ਬਾਅਦ, ਪੇਟੀਐਮ ਫਾਸਟੈਗ ਬੇਕਾਰ ਹੋ ਜਾਵੇਗਾ ਕਿਉਂਕਿ ਤੁਸੀਂ ਇਸ ਵਿੱਚ ਹੋਰ ਪੈਸੇ ਨਹੀਂ ਜੋੜ ਸਕੋਗੇ। ਹਾਲਾਂਕਿ, Paytm ਨੇ 1 ਫਰਵਰੀ ਨੂੰ ਟਵਿੱਟਰ 'ਤੇ ਇੱਕ ਪੋਸਟ ਵਿੱਚ ਲਿਖਿਆ, "ਤੁਸੀਂ ਆਪਣੇ ਪੇਟੀਐਮ FASTag 'ਤੇ ਮੌਜੂਦਾ ਬੈਲੇਂਸ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ। ਅਸੀਂ ਪਿਛਲੇ ਦੋ ਸਾਲਾਂ ਵਿੱਚ ਦੂਜੇ ਬੈਂਕਾਂ ਨਾਲ ਕੰਮ ਕਰਨ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਜਿਸ ਨੂੰ ਹੁਣ ਅਸੀਂ ਤੇਜ਼ ਕਰਾਂਗੇ। ਅਸੀਂ ਨਿਰਵਿਘਨ ਗਾਹਕ ਸੇਵਾ ਪ੍ਰਦਾਨ ਕਰਨ ਲਈ ਪ੍ਰਭਾਵੀ ਉਪਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
ਜੇ ਕੰਮ ਨਾ ਕੀਤਾ ਗਿਆ ਤਾਂ ਬੇਕਾਰ ਹੋ ਜਾਵੇਗਾ ਫਾਸਟੈਗ
ਹਾਲਾਂਕਿ, ਕੰਪਨੀ ਗਾਹਕਾਂ ਨੂੰ ਭਰੋਸਾ ਦੇ ਰਹੀ ਹੈ ਕਿ ਉਹ ਸੇਵਾਵਾਂ ਨੂੰ ਚਾਲੂ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਜੇ ਕੰਪਨੀ 29 ਫਰਵਰੀ ਤੱਕ ਕੋਈ ਹੱਲ ਨਹੀਂ ਲੱਭ ਸਕੀ ਤਾਂ ਭਵਿੱਖ ਵਿੱਚ ਪੇਟੀਐਮ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ। ਕਿਉਂਕਿ ਇੱਕ ਵਾਰ ਫਾਸਟੈਗ ਅਕਾਊਂਟ 'ਚ ਪੈਸੇ ਖਤਮ ਹੋ ਜਾਣ 'ਤੇ ਗਾਹਕ ਦੁਬਾਰਾ ਉਸ 'ਚ ਪੈਸੇ ਜਮ੍ਹਾ ਨਹੀਂ ਕਰਵਾ ਸਕਣਗੇ।