ਨਵੀਂ ਦਿੱਲੀ: ਲੋਕ ਪਹਿਲਾਂ ਹੀ ਮਹਿੰਗਾਈ ਦੇ ਬੋਝ ਤੋਂ ਪ੍ਰੇਸ਼ਾਨ ਹਨ। ਆਉਣ ਵਾਲੇ ਦਿਨਾਂ 'ਚ ਆਮ ਆਦਮੀ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ਜਲਦੀ ਹੀ ਗਾਹਕਾਂ ਨੂੰ ਸਿੰਗਲ ਐਲਪੀਜੀ ਸਿਲੰਡਰ ਲਈ 1000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਐਲਪੀਜੀ ਸਿਲੰਡਰਾਂ 'ਤੇ ਸਬਸਿਡੀ ਰੋਕ ਸਕਦੀ ਹੈ। ਅਜਿਹੀ ਸਥਿਤੀ ਵਿੱਚ ਗਾਹਕਾਂ ਨੂੰ ਸਿਲੰਡਰ ਲਈ ਵਧੇਰੇ ਪੈਸੇ ਦੇਣੇ ਪੈਣਗੇ।
ਦੋ ਪੱਖ ਅਪਣਾ ਸਕਦੀ ਸਰਕਾਰ
ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਦੇ ਇੱਕ ਅੰਦਰੂਨੀ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਖਪਤਕਾਰ ਇੱਕ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ। ਇਸ ਸੰਬਧੀ ਸਰਕਾਰ ਸਿਲੰਡਰਾਂ ਦੀ ਸਬਸਿਡੀ ਸਬੰਧੀ ਦੋ ਤਰੀਕੇ ਅਪਣਾ ਸਕਦੀ ਹੈ - ਪਹਿਲਾਂ, ਵਰਤਮਾਨ ਸਮੇਂ 'ਚ ਜੋ ਚੱਲ ਰਿਹਾ ਹੈ ਸਰਕਾਰ ਉਸ ਨੂੰ ਚੁਣੇ। ਦੂਜਾ, ਇਹ ਕੀ ਸਰਕਾਰ ਉਜਵਲਾ ਸਕੀਮ ਅਧੀਨ ਸਿਰਫ ਆਰਥਿਕ ਤੌਰ 'ਤੇ ਕਮਜ਼ੋਰ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਏ। ਦੱਸ ਦਈਏ ਕਿ ਫਿਲਹਾਲ ਸਰਕਾਰ ਨੇ ਸਬਸਿਡੀ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਹੈ।
ਸਬਸਿਡੀ ਵਜੋਂ ਖਪਤਕਾਰਾਂ ਨੂੰ ਵੰਡੇ 3,559 ਕਰੋੜ ਰੁਪਏ
ਵਰਣਨਯੋਗ ਹੈ ਕਿ ਵਿੱਤੀ ਸਾਲ 2020-21 ਵਿੱਚ ਸਰਕਾਰ ਨੇ ਖਪਤਕਾਰਾਂ ਨੂੰ ਸਬਸਿਡੀ ਵਜੋਂ 3,559 ਕਰੋੜ ਰੁਪਏ ਦਿੱਤੇ ਸੀ। ਜਦੋਂਕਿ ਪਿਛਲੇ ਵਿੱਤੀ ਸਾਲ 2019-2020 ਵਿੱਚ ਇਹ ਅੰਕੜਾ 24,468 ਕਰੋੜ ਰੁਪਏ ਸੀ। ਇਸ ਤਰ੍ਹਾਂ ਇੱਕ ਸਾਲ ਵਿੱਚ ਸਰਕਾਰ ਨੇ ਸਬਸਿਡੀ 'ਚ ਲਗਪਗ ਛੇ ਗੁਣਾ ਕਟੌਤੀ ਕੀਤੀ ਹੈ। ਇਸ ਸਮੇਂ ਜੇਕਰ ਖਪਤਕਾਰਾਂ ਦੀ ਸਾਲਾਨਾ ਆਮਦਨੀ 10 ਲੱਖ ਰੁਪਏ ਹੈ, ਤਾਂ ਸਿਲੰਡਰ 'ਤੇ ਸਬਸਿਡੀ ਦਾ ਲਾਭ ਨਹੀਂ ਮਿਲਦਾ।
ਇਸ ਸਾਲ ਸਿਲੰਡਰ 190.50 ਰੁਪਏ ਮਹਿੰਗਾ ਹੋਇਆ
ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਾਲ 1 ਜਨਵਰੀ ਨੂੰ ਦਿੱਲੀ ਵਿੱਚ ਇਹ 694 ਰੁਪਏ ਸੀ ਪਰ ਹੁਣ ਇਹ ਵਧ ਕੇ 884.50 ਰੁਪਏ ਹੋ ਗਿਆ ਹੈ। ਯਾਨੀ ਇਸ ਸਾਲ ਹੁਣ ਤੱਕ ਇਸ ਨੂੰ 190.50 ਰੁਪਏ ਦੀ ਤੇਜ਼ੀ ਆਈ ਹੈ। ਇਸ ਦੀ ਕੀਮਤ ਕੋਲਕਾਤਾ ਵਿੱਚ 911 ਰੁਪਏ, ਮੁੰਬਈ ਵਿੱਚ 884.5 ਰੁਪਏ ਤੇ ਚੇਨਈ ਵਿੱਚ 900.5 ਰੁਪਏ ਹੈ।
ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ। ਇਸ ਦੀ ਕੀਮਤ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਬਦਲਾਅ ਵਰਗੇ ਕਾਰਕਾਂ ਦੁਆਰਾ ਤੈਅ ਕੀਤੀ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904