Zomato IPO: ਅੱਜ ਫੂਡ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ (Zomato) ਦਾ IPO ਖੁੱਲ੍ਹਿਆ ਹੈ। ਇਸ ਦੌਰਾਨ ਜ਼ੋਮੈਟੋ ਦਾ ਟੀਚਾ ਇਸ IPO ਇਸ਼ੂ ਰਾਹੀਂ 9 ਹਜ਼ਾਰ 375 ਕਰੋੜ ਰੁਪਏ ਦੀ ਵੱਡੀ ਰਕਮ ਇਕੱਠਾ ਕਰਨਾ ਹੈ। ਕੰਪਨੀ ਦੇ IPO ਵਿੱਚ 9 ਹਜ਼ਾਰ ਕਰੋੜ ਰੁਪਏ ਦੀ ਮੁਢਲੀ ਵਿਕਰੀ ਸੂਚੀਬੱਧ ਹੋਈ ਹੈ ਜਦੋਂ ਕਿ 375 ਕਰੋੜ ਰੁਪਏ ਦੀ ਵਿਕਰੀ ਲਈ ਸ਼ੇਅਰ ਦੀ ਪੇਸ਼ਕਸ਼ ਹੋਈ ਹੈ। ਵਿਕਰੀ ਲਈ ਸ਼ੇਅਰ ਦੀ ਪੇਸ਼ਕਸ਼ ਤਹਿਤ, ਹੋਰ ਸ਼ੇਅਰ ਧਾਰਕ ਕੰਪਨੀ ਵਿੱਚ ਆਪਣੇ ਸ਼ੇਅਰ ਵੇਚ ਸਕਣਗੇ। ਕੰਪਨੀ ਆਪਣੀ IPO ਗਾਹਕੀ 16 ਜੁਲਾਈ ਨੂੰ ਬੰਦ ਕਰੇਗੀ।


ਵਿੱਤੀ ਸਾਲ 2021 ਵਿੱਚ ਕੰਪਨੀ ਨੂੰ ਵੱਡਾ ਘਾਟਾ ਪਿਆ ਹੈ, ਜਿਸ ਤੋਂ ਬਾਅਦ ਕਰਜ਼ੇ ਦੀ ਅਦਾਇਗੀ ਅਤੇ ਹੋਰ ਜ਼ਰੂਰਤਾਂ ਲਈ ਪਬਲਿਕ ਇਸ਼ੂ ਲਿਆਉਣ ਦਾ ਫੈਸਲਾ ਕੀਤਾ। ਇਸਦੇ ਲਈ ਜ਼ੋਮੈਟੋ ਨੇ ਮਾਰਕੀਟ ਰੈਗੂਲੇਟਰ ਸੇਬੀ ਨੂੰ ਬਿਨੈ ਕੀਤਾ ਸੀ। ਸੇਬੀ ਤੋਂ ਪ੍ਰਵਾਨਗੀ ਤੋਂ ਬਾਅਦ, ਕੰਪਨੀ ਨੇ ਆਪਣਾ IPO ਲਾਂਚ ਕਰਨ ਲਈ ਅੱਜ 14 ਜੁਲਾਈ ਨੂੰ ਚੁਣਿਆ ਅਤੇ ਇਸ ਤੋਂ ਦੋ ਦਿਨ ਬਾਅਦ ਭਾਵ 16 ਜੁਲਾਈ ਨੂੰ ਇਸ ਦੀ ਗਾਹਕੀ (ਸਬਸਕ੍ਰਿਪਸ਼ਨ) ਬੰਦ ਹੋ ਜਾਵੇਗਾ।

ਜ਼ੋਮੈਟੋ ਦੇ ਪ੍ਰਤੀ ਸ਼ੇਅਰ ਦੀ ਕੀਮਤ 72 ਤੋਂ 76 ਰੁਪਏ ਹੋਵੇਗੀ

ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਜ਼ੋਮੈਟੋ ਦੇ IPO ਵਿੱਚ ਨਿਵੇਸ਼ ਲਈ ਪ੍ਰਤੀ ਸ਼ੇਅਰ ਦੀ ਕੀਮਤ 72 ਤੋਂ 76 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ਼ੂ ਆਫਰ ਤਹਿਤ ਫਰੈਸ਼ ਇਕੁਵਿਟੀ ਸ਼ੇਅਰ ਅਤੇ ਨੌਕਰੀ ਡਾਟ ਕੌਮ ਦੀ ਮੁੱਢਲੀ ਕੰਪਨੀ ਇਨਫੋ ਐਜ ਦੁਆਰਾ ਆਫਰ ਫਾਰ ਸੇਲ  (ਓਐਫਐਸ) ਸ਼ਾਮਲ ਹਨ। ਕੰਪਨੀ ਦੇ ਨਿਵੇਸ਼ਕਾਂ ਵਿੱਚ ਇਨਫੋ ਏਜ, ਐਂਟ ਫਾਈਨੈਂਸ਼ੀਅਲ ਅਤੇ ਉਬੇਰ ਸ਼ਾਮਲ ਹਨ। ਹਾਲਾਂਕਿ, ਕੰਪਨੀ ਦਾ ਕੋਈ ਪ੍ਰਮੋਟਰ ਨਹੀਂ ਹੈ।

ਇਸ ਵਿੱਚ 195 ਸ਼ੇਅਰਾਂ ਦਾ ਇੱਕ ਲਾਟ ਉਪਲਬਧ ਹੋਵੇਗਾ। ਕੰਪਨੀ ਦੇ ਅਨੁਸਾਰ ਇੱਕ ਰਿਟੇਲ ਨਿਵੇਸ਼ਕ ਵੱਧ ਤੋਂ ਵੱਧ 13 ਲਾਟਾਂ ਲਈ ਅਰਜ਼ੀ ਦੇ ਸਕਦਾ ਹੈ। ਦੱਸ ਦੇਈਏ ਕਿ ਸੇਬੀ ਦੇ ਨਿਯਮਾਂ ਅਨੁਸਾਰ ਨਿਵੇਸ਼ਕ 2 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਨਹੀਂ ਕਰ ਸਕਦਾ।

ਵਿੱਤੀ ਸਾਲ 2021 ਵਿੱਚ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ
ਦੱਸ ਦੇਈਏ ਕਿ ਵਿੱਤੀ ਸਾਲ 2021 ਦੇ ਪਹਿਲੇ ਤਿੰਨ ਤਿਮਾਹੀਆਂ ਵਿੱਚ ਜੋਮੈਟੋ ਦੀ ਕਮਾਈ 1,367 ਕਰੋੜ ਰੁਪਏ ਸੀ। ਫੂਡ-ਟੈਕ ਕੰਪਨੀ ਦਾ ਖਰਚਾ ਤਕਰੀਬਨ 1,724 ਕਰੋੜ ਰੁਪਏ ਸੀ, ਜਿਸ ਦੇ ਨਤੀਜੇ ਵਜੋਂ 684 ਕਰੋੜ ਰੁਪਏ ਦਾ ਨੁਕਸਾਨ ਹੋਇਆ।