102 years Headmaster gets jail: ਤਿਰੂਵੱਲੁਰ ਮਹਿਲਾ ਅਦਾਲਤ ਨੇ ਤਾਮਿਲਨਾਡੂ ਦੇ ਇੱਕ ਸਰਕਾਰੀ ਸਕੂਲ ਦੇ 102 ਸਾਲਾ ਸੇਵਾਮੁਕਤ ਹੈੱਡਮਾਸਟਰ ਪਰਸ਼ੂਰਮਨ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ। 10 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸੇਵਾਮੁਕਤ ਹੈੱਡਮਾਸਟਰ ਨੂੰ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਘਟਨਾ 2018 ਦੀ ਹੈ ਜਦੋਂ ਪਰਸ਼ੂਰਮਨ 99 ਸਾਲ ਦੇ ਸਨ। ਮੁਲਜ਼ਮ ਦੀਆਂ ਪੰਜ ਧੀਆਂ ਤੇ ਦੋ ਪੁੱਤਰ ਹਨ।


ਉਸਨੇ ਸੇਨੇਰਕੁੱਪਮ 'ਚ ਪੰਜ ਘਰ ਬਣਾਏ ਸਨ ਅਤੇ ਕਿਰਾਏ 'ਤੇ ਦਿੱਤੇ ਸਨ। ਇੱਕ ਪਰਿਵਾਰ ਨੇ ਇੱਕ ਘਰ ਕਿਰਾਏ 'ਤੇ ਲਿਆ ਸੀ ਜੋ ਉਸਦੀ ਰਿਹਾਇਸ਼ ਦੇ ਕੋਲ ਸੀ ਅਤੇ ਉਹਨਾਂ ਦੀ ਇੱਕ ਦਸ ਸਾਲ ਦੀ ਬੇਟੀ ਸੀ।


6 ਜੁਲਾਈ 2018 ਨੂੰ ਜਦੋਂ ਮਾਤਾ-ਪਿਤਾ ਘਰ ਵਾਪਸ ਆਏ ਤਾਂ ਲੜਕੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਜਦੋਂ ਉਸ ਦੀ ਮਾਂ ਨੇ ਪੁੱਛਿਆ ਕਿ ਕੀ ਉਸ ਨੇ ਕੁਝ ਖਾਧਾ ਹੈ ਜਿਸ ਕਾਰਨ ਪੇਟ ਦਰਦ ਹੋਇਆ ਹੈ, ਤਾਂ ਉਸ ਨੇ ਖੁਲਾਸਾ ਕੀਤਾ ਕਿ ਬਜ਼ੁਰਗ ਵਿਅਕਤੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ।


ਤਿਰੂਵੱਲੁਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਲਤਾ ਨੇ ਆਈਏਐਨਐਸ ਨੂੰ ਦੱਸਿਆ, "ਮੈਂ ਮਾਮਲੇ ਦੀ ਜਾਂਚ ਅਧਿਕਾਰੀ ਸੀ ਅਤੇ ਮਾਪਿਆਂ ਤੋਂ ਸ਼ਿਕਾਇਤ ਮਿਲਣ 'ਤੇ, ਅਸੀਂ ਪਰਸ਼ੂਰਮਨ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੇ ਅਪਰਾਧ ਕਬੂਲ ਕੀਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।"


ਸਾਢੇ ਤਿੰਨ ਸਾਲ ਬਾਅਦ ਹੁਣ ਇਸ ਮੁਕੱਦਮੇ ਦੀ ਸੁਣਵਾਈ ਖਤਮ ਹੋ ਗਈ ਹੈ ਅਤੇ ਪਰਸੁਰਮਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਲਗਾਇਆ ਗਿਆ ਹੈ।


15 ਸਾਲ ਦੀ ਕੈਦ ਵਿੱਚੋਂ 10 ਸਾਲ ਸਖ਼ਤ ਕੈਦ ਅਤੇ ਪੰਜ ਸਾਲ ਸਾਧਾਰਨ ਕੈਦ ਹੈ। ਉਸ ਨੂੰ ਚੇਨੱਈ ਦੀ ਪੁਝਲ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।