ਕਰਨਾਲ: ਕਰਨਾਲ ਦੇ ਪਿੰਡ ਹਰਸਿੰਘਪੁਰਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 12ਵੀਂ ਕਲਾਸ ਦੇ ਇੱਕ ਵਿਦਿਆਰਥੀ ਨੇ ਸਕੂਲ ਵਿੱਚ ਆਪਣੇ ਸਹਿਪਾਠੀ ਤੇ ਚਾਕੂ ਨਾਲ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਦੋਵਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਘਟਨਾ ਮਗਰੋਂ ਪੁਲਿਸ ਹਰਕਤ ਵਿੱਚ ਆ ਗਈ ਹੈ ਤੇ ਮਾਮਲੇ ਦੀ ਜਾਂਚ ਵੀ ਲੱਗ ਗਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਵੀਰੇਨ ਸੰਸਕਾਰ ਭਾਰਤੀ ਸਕੂਲ 'ਚ 12ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਉਸ ਦੀ ਕਲਾਸ ਦੇ ਹੀ ਸ਼ੁਭਮ ਨੇ ਉਸ ਨੂੰ ਦੇਖਣ ਲੈਣ ਦੀ ਧਮਕੀ ਦਿੱਤੀ ਸੀ। ਇਸ ਸਬੰਧੀ ਸਰਪੰਚ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ ਸੀ। ਅੱਜ ਵੀਰੇਨ ਦੀ ਪ੍ਰੈਕਟੀਕਲ ਪ੍ਰੀਖਿਆ ਸੀ ਜਿਸ ਲਈ ਉਹ ਸਕੂਲ ਪਹੁੰਚਿਆ। ਇਸ ਦੌਰਾਨ ਸਕੂਲ ਦੇ ਗੇਟ ਉਪਰ ਕੁਝ ਸ਼ਰਾਰਤੀ ਅੰਸਰ ਮੌਜੂਦ ਸੀ। ਅੰਦਰ ਸ਼ੁਭਮ ਚਾਕੂ ਲੈ ਕੇ ਪਹੁੰਚਿਆ ਹੋਇਆ ਸੀ। ਵੀਰੇਨ ਜਿਦਾਂ ਹੀ ਅੰਦਰ ਪਹੁੰਚਿਆ ਤਾਂ ਸ਼ੁਭਮ ਨੇ ਉਸ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੂੰ ਚਾਕੂ ਮਾਰ ਦਿੱਤਾ ਗਿਆ ਹੈ ਤਾਂ ਤੁਰੰਤ ਸਕੂਲ ਪਹੁੰਚੇ ਤੇ ਵੀਰੇਨ ਨੂੰ ਇਲਜਾਮ ਲਈ ਤੁਰੰਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਦੇ ਜਾਂਚ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ ਕਿ ਹਰਸਿੰਘਪੂਰਾ ਪਿੰਡ 'ਚ 12ਵੀਂ ਕਲਾਸ ਦੇ ਵਿਦਿਆਰਥੀ 'ਤੇ ਉਸ ਦੇ ਹੀ ਪਿੰਡ ਦੇ ਸ਼ੁਭਮ ਨੇ ਚਾਕੂ ਮਾਰ ਕਤਲ ਕਰ ਦਿੱਤਾ। ਪੁਲਿਸ ਦੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਪੁਲਿਸ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰੇਗੀ ਤੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾਏਗਾ।