Crime Nws: ਤੇਲੰਗਾਨਾ ਦੇ ਹੈਦਰਾਬਾਦ ਵਿੱਚ ਓਸਮਾਨੀਆ ਯੂਨੀਵਰਸਿਟੀ (OU) ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਸਟਰੀਟ ਨੰਬਰ 8, ਹਬਸੀਗੁਡਾ ਵਿਖੇ ਇੱਕ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਵਿੱਚ ਮਿਲੀਆਂ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਰੈਡੀ, ਉਨ੍ਹਾਂ ਦੀ ਪਤਨੀ ਕਵਿਤਾ ਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਦੋ ਬੱਚਿਆਂ ਵਿੱਚੋਂ, ਸ਼੍ਰੀਤਾ ਰੈੱਡੀ 9ਵੀਂ ਜਮਾਤ ਦੀ ਵਿਦਿਆਰਥਣ ਸੀ। ਜਦੋਂ ਕਿ ਵਿਸ਼ਵਨ ਰੈੱਡੀ 5ਵੀਂ ਜਮਾਤ ਵਿੱਚ ਸੀ।



ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਜੋੜੇ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਮਾਰਿਆ ਫਿਰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਬਰਾਮਦ ਹੋਏ ਇੱਕ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਸਾਡੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਸਾਨੂੰ ਆਪਣੇ ਕਰੀਅਰ ਵਿੱਚ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਬਚਿਆ ਸੀ, ਇਸੇ ਲਈ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਾਂ। ਸਾਨੂੰ ਮਾਫ਼ ਕਰ ਦਿਓ।


ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੰਦਰਸ਼ੇਖਰ ਰੈਡੀ ਪਿਛਲੇ ਛੇ ਮਹੀਨਿਆਂ ਤੋਂ ਬੇਰੁਜ਼ਗਾਰ ਸੀ ਜਿਸ ਕਾਰਨ ਉਸ ਲਈ ਵਿੱਤੀ ਸੰਕਟ ਪੈਦਾ ਹੋ ਗਿਆ। ਫਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਘਟਨਾ ਦੇ ਪਿੱਛੇ ਅਸਲ ਹਾਲਾਤਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕਰ ਰਹੀ ਹੈ। ਇਸ ਦੌਰਾਨ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।



ਨੋਟ:- ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਖੁਦਕੁਸ਼ੀ ਬਾਰੇ ਸੋਚਦਾ ਹੈ, ਤਾਂ ਇਹ ਇੱਕ ਬਹੁਤ ਹੀ ਗੰਭੀਰ ਡਾਕਟਰੀ ਐਮਰਜੈਂਸੀ ਹੈ। ਤੁਰੰਤ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 'ਤੇ ਸੰਪਰਕ ਕਰੋ। ਤੁਸੀਂ ਟੈਲੀਮੈਨਸ ਹੈਲਪਲਾਈਨ ਨੰਬਰ 1800914416 'ਤੇ ਵੀ ਕਾਲ ਕਰ ਸਕਦੇ ਹੋ। ਇੱਥੇ ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਤੇ ਮਾਹਰ ਤੁਹਾਨੂੰ ਇਸ ਸਥਿਤੀ ਨੂੰ ਦੂਰ ਕਰਨ ਲਈ ਜ਼ਰੂਰੀ ਸਲਾਹ ਦੇਣਗੇ। ਯਾਦ ਰੱਖੋ ਜ਼ਿੰਦਗੀ ਹੀ ਸਭ ਕੁਝ ਹੈ।)