ਗੁਰਦਾਸਪੁਰ : ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਾਮ ਤੋਂ ਚਿੜਾਉਣ  ਨੂੰ ਲੈ ਕੇ 9ਵੀ ਕਲਾਸ ਦੇ ਦੋ ਬੱਚੇ ਸਕੂਲ ਦੇ ਬਾਹਰ ਆਪਸ ਵਿੱਚ ਭਿੜ ਗਏ ਅਤੇ ਇਕ ਬੱਚੇ ਨੇ ਦੂਸਰੇ ਬੱਚੇ ਦੇ ਸਿਰ ਵਿਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਜ਼ਖਮੀ ਬੱਚੇ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਬੱਚੇ ਜਸ਼ਨ ਦੇ ਤਾਏ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਬੱਚੇ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਰੋਜ਼ਾਨਾਂ ਦੀ ਤਰ੍ਹਾਂ ਇਹ ਬੱਚਾ ਜਸ਼ਨ ਸਕੂਲ ਵਿੱਚ ਗਿਆ ਸੀ ਅਤੇ ਇਸਦੀ ਹੀ ਕਲਾਸ ਵਿਚ ਪੜ੍ਹਦੇ ਸੰਗਤਾਰ ਸਿੰਘ ਨਾਮ ਦੇ ਬੱਚੇ ਨੇ ਇਸਦਾ ਪੁੱਠਾ ਨਾਮ ਲੈ ਕੇ ਇਸ ਨੂੰ ਚੜਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਬੱਚਾ ਪਹਿਲਾਂ ਵੀ ਇਸਦਾ ਪੁੱਠਾ ਨਾਮ ਲੈ ਕੇ ਇਸਨੂੰ ਤੰਗ ਕਰਦਾ ਸੀ ਅਤੇ ਅੱਜ ਵੀ ਇਸ ਬੱਚੇ ਨੇ ਇਸਦਾ ਪੁੱਠਾ ਨਾਮ ਲਿਆ। 

 

ਜਿਸ ਨੂੰ ਲੈ ਕੇ ਇਹਨਾਂ ਵਿਚਕਾਰ ਝਗੜਾ ਹੋ ਗਿਆ ਅਤੇ ਸਕੂਲ਼ ਦੀ ਛੁੱਟੀ ਦੌਰਾਨ ਜਦੋਂ ਉਹਨਾਂ ਦਾ ਬੇਟਾ ਜਸ਼ਨ ਬਾਹਰ ਆਇਆ ਤਾਂ ਸੰਗਤਾਰ ਨਾਮ ਦੇ ਬੱਚੇ ਨੇ ਮੁੰਡੇ ਬੁਲਾਏ ਹੋਏ ਸਨ ਅਤੇ ਬਾਹਰ ਆਉਂਦੇ ਹੀ ਇਸ ਨੇ ਆਪਣੇ ਬੈਗ ਵਿੱਚ ਲਕੋਏ ਦਾਤਰ ਨਾਲ ਹਮਲਾ ਕਰ ਇਸਨੂੰ ਜ਼ਖਮੀ ਕਰ ਦਿੱਤਾ। ਜਿਸਦਾ ਹੁਣ ਸਿਵਿਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਬੱਚੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ। 

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਬੱਚੇ 9ਵੀ ਕਲਾਸ ਵਿੱਚ ਪੜ੍ਹਦੇ ਹਨ। ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਸਕੂਲ ਦੇ ਬਾਹਰ ਇਹ ਦੋਵੇਂ ਬੱਚੇ ਆਪਸ ਵਿੱਚ ਲੜ ਪਏ ਹਨ ਅਤੇ ਇਕ ਬੱਚਾ ਜ਼ਖਮੀ ਹੋ ਗਿਆ ਹੈ। ਜਿਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ। 

 

ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਬੱਚੇ ਜਸ਼ਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਸਕੂਲ਼ ਭੇਜ ਦਿੱਤਾ ਗਿਆ ਅਤੇ ਉਸਦੇ ਮਾਤਾ ਪਿਤਾ ਨੂੰ ਬੁਲਾਇਆ ਹੈ ਅਤੇ ਸਕੂਲ ਦੇ ਮੁਖੀਆਂ ਵੱਲੋਂ ਇਸ ਬੱਚੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜੇ ਇਹ ਸਾਹਮਣੇ ਨਹੀਂ ਆਇਆ ਕਿ ਇਹ ਬੱਚੇ ਆਪਸ ਵਿੱਚ ਕਿਉਂ ਝਗੜੇ ਹਨ ਅਤੇ ਇਸ ਬੱਚੇ ਦੇ ਕੋਲੋਂ ਇਹ ਤੇਜ਼ਧਾਰ ਹਥਿਆਰ ਕਿੱਥੋਂ ਆਇਆ ,ਇਹ ਵੀ ਜਾਂਚ ਕੀਤੀ ਜਾ ਰਹੀ ਹੈ।