Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ’ਚ ਕਤਲ ਕੀਤੇ ਗਏ ਹਰਉਦੈਵੀਰ ਸਿੰਘ (6) ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਹ ਕਤਲ ਜ਼ਮੀਨ ਦਾ ਲਾਲਚ ਵਿੱਚ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਨੇ ਤਿੰਨ ਮੁੱਖ ਮੁਲਜ਼ਮਾਂ ਤੋਂ ਬਾਅਦ ਦੋ ਔਰਤਾਂ ਸਣੇ ਚਾਰ ਹੋਰ ਵਿਅਕਤੀਆਂ ਨੂੰ ਕੇਸ ’ਚ ਸ਼ਾਮਲ ਕਰ ਲਿਆ ਹੈ, ਪਰ ਹਾਲੇ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। 



ਦੱਸ ਦਈਏ ਕਿ ਪਿੰਡ ਕੋਟਲੀ ਕਲਾਂ ’ਚ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਰਉਦੈਵੀਰ ਸਿੰਘ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਪੁਲਿਸ ਨੇ ਸੇਵਕ ਸਿੰਘ, ਅੰਮ੍ਰਿਤ ਸਿੰਘ ਤੇ ਚੰਨੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਸ ਦੀ ਮੁਢਲੀ ਤਫਤੀਸ਼ ’ਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਮ੍ਰਿਤਕ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਦੇ ਚਾਚਾ ਤੇ ਚਾਚੇ ਦੀ ਵਿਧਵਾ ਨੂੰਹ ਮਨਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਘੜੀ ਹੈ। ਜਸਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਮੌਤ 7 ਸਾਲ ਪਹਿਲਾਂ ਹੋਈ ਸੀ ਤੇ ਪਰਿਵਾਰ ਕੋਲ ਕਰੀਬ 25 ਕਿੱਲੇ ਜ਼ਮੀਨ ਹੈ ਤੇ ਉਸ ਨੂੰ ਛੱਡ ਕੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਹੋਰ ਕਿਸੇ ਕੋਲ ਲੜਕਾ ਨਹੀਂ।


ਜਸਪ੍ਰੀਤ ਨੇ ਦੋਸ਼ ਲਾਇਆ ਕਿ ਮਨਪ੍ਰੀਤ ਨੇ ਆਪਣੇ ਸਹੁਰੇ ਅਜਾਇਬ ਸਿੰਘ ਨਾਲ ਰਲ ਕੇ ਹਰਉਦੈਵੀਰ ਨੂੰ ਮਾਰਨ ਦੀ ਕਥਿਤ ਯੋਜਨਾ ਬਣਾਈ ਸੀ। ਮਨਪ੍ਰੀਤ ਦੇ ਆਪਣੇ ਸੀਰੀ ਸੇਵਕ ਸਿੰਘ ਨੂੰ ਵੀ ਇਸ ਕੰਮ ਵਿੱਚ ਆਪਣੇ ਨਾਲ ਰਲਾ ਲਿਆ। ਜਸਪ੍ਰੀਤ ਅਨੁਸਾਰ ਮਨਪ੍ਰੀਤ ਤੇ ਅਜਾਇਬ ਸਿੰਘ ਨੇ ਸੇਵਕ ਸਿੰਘ ਤੇ ਉਸ ਦੇ ਭਰਾ ਅੰਮ੍ਰਿਤ ਸਿੰਘ ਨੂੰ ਪਿਸਤੌਲ ਲਿਆਉਣ ਲਈ ਪੈਸੇ ਦਿੱਤੇ। ਉਸ ਨੇ ਦੋਸ਼ ਲਾਇਆ ਕਿ ਜ਼ਮੀਨ ਪ੍ਰਾਪਤ ਕਰਨ ਲਈ ਹੀ ਉਸ ਦੇ ਪੁੱਤਰ ਦੀ ਹੱਤਿਆ ਕੀਤੀ ਗਈ।



ਸਦਰ ਮਾਨਸਾ ਪੁਲਿਸ ਨੇ ਆਪਣੀ ਤਫਤੀਸ਼ ਦੌਰਾਨ ਸੇਵਕ ਸਿੰਘ, ਅੰਮ੍ਰਿਤ ਸਿੰਘ, ਚੰਨੀ ਸਿੰਘ ਵਾਸੀ ਕੋਟਲੀ ਕਲਾਂ ਤੋਂ ਇਲਾਵਾ ਮਨਪ੍ਰੀਤ ਕੌਰ, ਅਜਾਇਬ ਸਿੰਘ, ਬਲਵੀਰ ਸਿੰਘ ਤੇ ਵੀਰਪਾਲ ਕੌਰ ਨੂੰ ਨਾਮਜ਼ਦ ਕਰਕੇ ਬਲਵੀਰ ਸਿੰਘ ਤੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਦਰ ਮਾਨਸਾ ਦੇ ਮੁਖੀ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਦੋ ਹੋਰ ਜਾਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਦੋ ਜਣਿਆਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।