ਇਸਲਾਮਾਬਾਦ : ਪਾਕਿਸਤਾਨ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਦਰਅਸਲ ਇੱਥੇ ਜਨਮ ਦਿਨ ਦੀ ਪਾਰਟੀ ਦੌਰਾਨ ਮੈਨੇਜਰ ਦੀ ਘਟੀਆ ਹਰਕਤ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜੀ ਹਾਂ, ਇੱਥੇ ਵਾਪਰੀ ਘਟਨਾ ਨੇ ਸਾਰੇ ਲੋਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਨਮਦਿਨ ਪਾਰਟੀ ਦੌਰਾਨ ਮੈਨੇਜਰ ਨੇ ਪਾਣੀ ਦੀ ਬੋਤਲ 'ਚ ਤੇਜ਼ਾਬ ਭਰ ਕੇ 2 ਨਾਬਾਲਗਾਂ ਨੂੰ ਪਰੋਸ ਦਿੱਤੀ, ਜਿਸ ਤੋਂ ਬਾਅਦ ਲਾਹੌਰ ਪੁਲਿਸ ਨੇ ਮੁਲਜ਼ਮ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ। ਜੀ ਹਾਂ ਅਤੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਘਟਨਾ 27 ਸਤੰਬਰ ਦੀ ਹੈ। ਇਹ ਘਟਨਾ ਲਾਹੌਰ ਦੇ ਇਤਿਹਾਸਕ ਗ੍ਰੇਟਰ ਇਕਬਾਲ ਪਾਰਕ ਦੇ 'ਪੋਇਟ ਰੈਸਟੋਰੈਂਟ' 'ਚ ਵਾਪਰੀ ਅਤੇ ਰਿਪੋਰਟਾਂ ਮੁਤਾਬਕ ਤੇਜ਼ਾਬ ਪੀਣ ਨਾਲ ਬੁਰੀ ਤਰ੍ਹਾਂ ਝੁਲਸਿਆ ਇਕ ਨਾਬਾਲਗ ਅਜੇ ਵੀ ਹਸਪਤਾਲ 'ਚ ਇਲਾਜ ਅਧੀਨ ਹੈ।
ਦੱਸ ਦੇਈਏ ਕਿ ਲਾਹੌਰ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਮੁਤਾਬਕ ਮੁਹੰਮਦ ਆਦਿਲ ਨਾਂਅ ਦੇ ਵਿਅਕਤੀ ਨੇ ਕਿਹਾ ਹੈ ਕਿ ਪੋਇਟ ਰੈਸਟੋਰੈਂਟ 'ਚ ਇੱਕ ਫੈਮਿਲੀ ਬਰਥ ਡੇਅ ਪਾਰਟੀ ਸੀ, ਜਿੱਥੇ ਮੈਨੇਜਰ ਨੇ ਲੋਕਾਂ ਨੂੰ ਤੇਜ਼ਾਬ ਪਿਲਾ ਦਿੱਤਾ। ਇਸ ਦੇ ਨਾਲ ਹੀ ਆਦਿਲ ਨੇ ਕਿਹਾ, "ਜਦੋਂ ਅਸੀਂ ਰੈਸਟੋਰੈਂਟ 'ਚ ਖਾਣਾ ਖਾਣ ਬੈਠੇ ਤਾਂ ਸਾਰਿਆਂ ਤੋਂ ਪਹਿਲਾਂ ਸਾਨੂੰ ਪਾਣੀ ਪਰੋਸਿਆ ਗਿਆ ਅਤੇ ਮੇਰੇ ਭਤੀਜੇ ਅਹਿਮਦ ਨੇ ਉਸ ਪਾਣੀ ਨਾਲ ਆਪਣੇ ਹੱਥ ਧੋਤੇ, ਜਿਸ ਤੋਂ ਬਾਅਦ ਉਹ ਰੋਣ ਲੱਗਾ ਅਤੇ ਅਸੀਂ ਦੇਖਿਆ ਕਿ ਉਸ ਦੇ ਹੱਥ ਬੁਰੀ ਤਰ੍ਹਾਂ ਸੜ ਚੁੱਕੇ ਸਨ, ਕਿਉਂਕਿ ਪਾਣੀ ਦੀ ਬੋਤਲ 'ਚ ਤੇਜ਼ਾਬ ਭਰੀ ਹੋਈ ਸੀ। ਅਸੀਂ ਤੁਰੰਤ ਰੈਸਟੋਰੈਂਟ ਮੈਨੇਜਰ ਨੂੰ ਪਾਣੀ ਦੀ ਬੋਤਲ 'ਚ ਤੇਜ਼ਾਬ ਬਾਰੇ ਸੂਚਿਤ ਕੀਤਾ।"
ਇਸ ਦੇ ਨਾਲ ਹੀ ਆਦਿਲ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਢਾਈ ਸਾਲਾ ਭਤੀਜੀ ਵਜੀਹਾ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਉਹ ਇਕ ਹੋਰ ਬੋਤਲ 'ਚ ਰੱਖਿਆ ਤੇਜ਼ਾਬ ਪੀ ਲੈਣ ਕਾਰਨ ਬਹੁਤ ਜ਼ੋਰ-ਜ਼ੋਰ ਨਾਲ ਚੀਕ ਰਹੀ ਸੀ। ਜਿਸ ਤੋਂ ਬਾਅਦ ਸਾਨੂੰ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਭਤੀਜੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਨੇ ਰੈਸਟੋਰੈਂਟ ਦੇ ਮੈਨੇਜਰ ਅਤੇ ਪੰਜ ਹੋਰ ਮੁਲਾਜ਼ਮਾਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀ ਧਾਰਾ 336ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।