ਉੱਤਰ ਪ੍ਰਦੇਸ਼ ਦੇ ਆਗਰਾ 'ਚ ਦੋ ਭਰਾਵਾਂ ਦੇ ਵਿਚ ਲੜਾਈ ਦੀ ਖ਼ਬਰ ਮਿਲਣ 'ਤੇ ਪਿੰਡ ਪਹੁੰਚੇ ਪੁਲਿਸ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਸਿੱਧਾ ਐਸਆਈ ਪ੍ਰਸ਼ਾਂਤ ਯਾਦਵ ਦੀ ਗਰਦਨ 'ਤੇ ਲੱਗੀ। ਗੋਲੀ ਲੱਗਣ ਨਾਲ ਪ੍ਰਸ਼ਾਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਗੋਲ਼ੀ ਮਾਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਆਲ੍ਹਾ ਅਧਿਕਾਰੀ ਤੇ ਕਈ ਥਾਣਿਆਂ ਦੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਇਹ ਘਟਨਾ ਨਾਹਰਰਾ ਪਿੰਡ ਦੇ ਥਾਣੇ ਖੇਤਰ ਦੀ ਹੈ।


ਆਗਰਾ ਦੇ ਏਡੀਜੀ ਜੋਨ ਰਾਜੀਵ ਕ੍ਰਿਸ਼ਣ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਖੰਦੌਲੀ ਦੇ ਨਹਰਰਾ ਪਿੰਡ 'ਚ ਸ਼ਿਵਨਾਥ ਸਿੰਘ ਦਾ ਆਪਣੇ ਛੋਟੇ ਭਰਾ ਵਿਸ਼ਵਨਾਥ ਸਿੰਘ ਨਾਲ ਆਲੂਆਂ ਦੀ ਪਟਾਈ ਨੂੰ ਲੈਕੇ ਝਗੜਾ ਹੋ ਗਿਆ। ਮਾਮਲਾ ਪੁਲਿਸ ਤਕ ਪਹੁੰਚਿਆ ਤੇ ਇੰਸਪੈਕਟਰ ਪ੍ਰਸ਼ਾਂਤ ਯਾਦਵ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦੀ ਮੌਜੂਦਗੀ 'ਚ ਆਲੂਆਂ ਦੀ ਪਟਾਈ ਹੋਈ। ਸ਼ਾਮ ਸੱਤ ਵਜੇ ਵਿਸ਼ਵਨਾਥ ਸਿੰਘ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ 'ਤੇ ਪੁਲਿਸ ਨੇ ਵਿਸ਼ਵਨਾਥ ਨੂੰ ਹੰਗਾਮਾ ਕਰਨ 'ਤੇ ਫੜ ਲਿਆ ਤੇ ਆਪਣੇ ਨਾਲ ਲੈਕੇ ਥਾਣੇ ਆਉਣ ਲੱਗੇ। ਵਿਸ਼ਵਨਾਥ ਦੇ ਕੋਲ ਪਿਸਤੌਲ ਸੀ ਜਿਸ ਨਾਲ ਉਸ ਨੇ ਸਬ ਇੰਸਪੈਕਟਰ ਦੇ ਗੋਲ਼ੀ ਮਾਰ ਦਿੱਤੀ। ਪ੍ਰਸ਼ਾਂਤ ਬੁਲੰਦਸ਼ਹਿਰ ਦੀ ਤਹਿਸੀਲ ਖੁਰਜਾ ਦੇ ਰਹਿਣ ਵਾਲੇ ਸਨ।


ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਮਦਦ


ਇਸ ਦਰਮਿਆਨ ਲਖਨਊ 'ਚ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਜਨਪਦ ਆਗਰਾ ਦੀ ਘਟਨਾ 'ਚ ਪ੍ਰਸ਼ਾਂਤ ਯਾਦਵ ਦੀ ਹੱਤਿਆ 'ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਘਟਨਾ 'ਚ ਜਾਨ ਗਵਾਉਣ ਵਾਲੇ ਸਬ ਇੰਸਪੈਕਟਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਤੇ ਜਨਪਦ ਦੀ ਸੜਕ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ।