Chandigarh News: ਚਾਈਨੀਜ਼ ਮੋਬਾਈਲ ਐਪਲੀਕੇਸ਼ਨ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਤੇ ਠੱਗੀ ਮਾਰਨ ਦੇ ਮਾਮਲੇ ਵਿੱਚ 22 ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚੱਲੇਗਾ। ਜ਼ਿਲ੍ਹਾ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਮਾਮਲੇ ਦੀ ਸੁਣਵਾਈ 3 ਮਈ ਨੂੰ ਹੋਵੇਗੀ। ਸਤੰਬਰ 2022 ਵਿੱਚ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਮੁਲਜ਼ਮ ਪਹਿਲਾਂ ਚੀਨੀ ਮੋਬਾਈਲ ਐਪ ਰਾਹੀਂ ਲੋਕਾਂ ਨੂੰ ਲੋਨ ਦਿਵਾਉਂਦੇ ਸਨ, ਫਿਰ ਉਨ੍ਹਾਂ ਨੂੰ ਫੋਨ ਕਰਕੇ ਬਲੈਕਮੇਲ ਕਰਦੇ ਸਨ।



ਇਹ ਸ਼ਾਤਿਰ ਲੋਕ ਉਨ੍ਹਾਂ ਦੀਆਂ ਨਗਨ ਵੀਡੀਓ ਬਣਾ ਕੇ ਜਾਣ-ਪਛਾਣ ਵਾਲਿਆਂ ਕੋਲ ਭੇਜਣ ਦੇ ਨਾਂ 'ਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਲੱਖਾਂ ਰੁਪਏ ਦੀ ਵਸੂਲੀ ਕਰਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਚੀਨੀ ਨੌਜਵਾਨ ਸਮੇਤ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 420, 468, 471, 509, 120ਬੀ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 66ਡੀ ਤੇ 67 ਤਹਿਤ ਮੁਕੱਦਮਾ ਚਲਾਇਆ ਜਾਵੇਗਾ। 



ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇੱਕ ਲਿੰਕ ਆਇਆ ਸੀ ਜਿਸ ਉੱਪਰ ਕਲਿੱਕ ਕਰਦੇ ਹੀ ਉਨ੍ਹਾਂ ਦਾ ਸਾਰਾ ਡਾਟਾ ਠੱਗਾਂ ਤੱਕ ਪਹੁੰਚ ਗਿਆ। ਲਿੰਕ 'ਚ ਉਨ੍ਹਾਂ ਨੂੰ 3500 ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਲੋਨ ਲਈ ਅਪਲਾਈ ਨਹੀਂ ਕੀਤਾ ਤੇ ਐਪ ਨੂੰ ਡਿਲੀਟ ਕਰ ਦਿੱਤਾ। ਫਿਰ ਉਨ੍ਹਾਂ ਨੂੰ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮੁਲਜ਼ਮ ਨੇ ਉਨ੍ਹਾਂ ਦੀ ਨਕਲੀ ਨਗਨ ਫੋਟੋ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ 5500 ਰੁਪਏ ਦੀ ਠੱਗੀ ਮਾਰੀ।



ਇਸ ਮਾਮਲੇ ਦੇ ਸਾਰੇ ਮੁਲਜ਼ਮ ਹਾਲੇ ਜੇਲ੍ਹ ਵਿੱਚ ਹਨ। ਕਈ ਮੁਲਜ਼ਮਾਂ ਨੇ ਅਦਾਲਤ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਵੀ ਦਾਇਰ ਕੀਤੀਆਂ ਪਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਕ ਮੁਲਜ਼ਮ ਅਰਜੁਨ ਸੇਨ ਦੀ ਪਟੀਸ਼ਨ 'ਤੇ ਜਾਂਚ ਏਜੰਸੀ ਨੇ ਅਦਾਲਤ 'ਚ ਕਿਹਾ ਕਿ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਫਿਰ ਤੋਂ ਹੋਰ ਲੋਕਾਂ ਨਾਲ ਧੋਖਾ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਅਦਾਲਤ ਨੇ ਵੀ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ, ਇਸ ਲਈ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ।