Punjab News: ਹਲਕਾ ਗਿੱਦੜਬਾਹਾ ਦੇ ਪਿੰਡ ਫਕਰਸਰ ਵਿਖੇ  ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 19 ਸਾਲਾ ਨੌਜਵਾਨ ਨੇ ਆਪਣੀ 17 ਸਾਲਾ ਭੈਣ ਦਾ ਸ਼ੱਕ ਕਾਰਨ ਟੋਕੇ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ 'ਤੋਂ ਫ਼ਰਾਰ ਹੋ ਗਿਆ ਹੈ।


ਜਦੋਂ ਇਸ ਵਾਰਦਾਤ ਬਾਬਤ ਪੁਲਿਸ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਹਲਾਤ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਡੀ.ਐੱਸ.ਪੀ. ਜਸਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ ਆਪਣੀ ਭੈਣ ਅੰਜੂ ਕੌਰ ਦਾ ਟੋਕੇ ਨਾਲ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।


ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ


ਘਟਨਾ ਸਮੇਂ ਕੁਲਵਿੰਦਰ ਸਿੰਘ ਅਤੇ ਉਸਦੀ ਭੈਣ ਅੰਜੂ ਕੌਰ ਘਰ ਵਿਚ ਸਨ, ਜਦੋਂਕਿ ਇੰਨਾਂ ਦੀ ਛੋਟੀ ਭੈਣ ਨੀਸ਼ੂ ਕੌਰ (13 ਸਾਲ) ਨੂੰ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਪਿੰਡ ਵਿੱਚ ਹੀ ਕਿਸੇ ਹੋਰ ਦੇ ਘਰ ਛੱਡ ਆਇਆ ਜਦੋਂਕਿ ਉਸਦੀ ਮਾਤਾ ਵੀਰਪਾਲ ਕੌਰ ਖੇਤਾਂ ਵਿਚ ਝੋਨਾ ਲਗਾਉਣ ਲਈ ਗਈ ਹੋਈ ਸੀ। ਇਸ ਦੌਰਾਨ ਕੁਲਵਿੰਦਰ ਸਿੰਘ ਅਤੇ ਅੰਜੂ ਕੌਰ ਵਿਚਾਲੇ ਝਗੜਾ ਹੋਇਆ ਅਤੇ ਕੁਲਵਿੰਦਰ ਸਿੰਘ ਨੇ ਟੋਕੇ ਦੇ ਬਲੇਡ ਨਾਲ ਅੰਜੂ ਕੌਰ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਆਪਣੀ ਭੈਣ ਅੰਜੂ ਕੌਰ ਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਉਸਨੇ ਆਪਣੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 


10 ਜਮਾਤ ਵਿੱਚ ਪੜ੍ਹਦੀ ਸੀ ਅੰਜੂ


ਜ਼ਿਕਰ ਕਰ ਦਈਏ ਅੰਜੂ ਕੌਰ ਪਿੰਡ ਫਰਕਰਸਰ-ਥੇੜੀ ਦੇ ਸਰਕਾਰੀ ਸਕੂਲ ਵਿਖੇ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਦੀ ਕਰੀਬ 5 ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਚੁੱਕੀ ਹੈ ਅਤੇ ਹੁਣ ਮ੍ਰਿਤਕ ਅੰਜੂ ਕੌਰ ਆਪਣੀ ਮਾਤਾ ਵੀਰਪਾਲ ਕੌਰ, ਛੋਟੀ ਭੈਣ ਨੀਸ਼ੂ ਕੌਰ ਅਤੇ ਭਰਾ ਕੁਲਵਿੰਦਰ ਸਿੰਘ ਨਾਲ ਰਹਿ ਰਹੀ ਸੀ।