Vadodara Road Accident : ਗੁਜਰਾਤ ਦੇ ਵਡੋਦਰਾ ਵਿਚ ਬੁੱਧਵਾਰ ਸਵੇਰੇ ਕੋਟੰਬੀ ਸਟੇਡੀਅਮ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਇਕ ਨੌਂ ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਇਹ ਹਾਦਸਾ ਵਡੋਦਰਾ-ਜਰੋਦ ਰੋਡ ‘ਤੇ ਕੋਟਾਂਬੀ ਪਿੰਡ ਦੇ ਨੇੜੇ ਵਾਪਰਿਆ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਾਂਸਵਾੜਾ ਤੋਂ ਸੂਰਤ ਜਾ ਰਹੀ ਇੱਕ ਲਗਜ਼ਰੀ ਸਲੀਪਰ ਬੱਸ ਹਾਈਵੇ ‘ਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵੇਲੇ ਬਸ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਗਹਿਰੀ ਨੀਂਦ ਵਿੱਚ ਸਨ। ਅਚਾਨਕ ਹੋਈ ਜ਼ੋਰਦਾਰ ਟੱਕਰ ਕਾਰਨ ਕਈ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਟੱਕਰ ਇੰਨੀ ਭਿਆਨਕ ਸੀ ਕਿ ਬਸ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ।
ਪੁਲਿਸ ਅਤੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਜਰੋਦ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਟੀਮਾਂ ਨੇ ਬਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਅੰਦਾਜ਼ਾ ਹੈ ਕਿ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਇਸ ਹਾਦਸੇ ਦੀ ਵਜ੍ਹਾ ਹੋ ਸਕਦੀ ਹੈ। ਹਾਈਵੇ ‘ਤੇ ਲੱਗਾ ਜਾਮ
ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਵਡੋਦਰਾ ਦੇ SSG ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਕਈ ਘੰਟਿਆਂ ਤੱਕ ਚੱਲਿਆ ਕਿਉਂਕਿ ਐਮਰਜੈਂਸੀ ਟੀਮਾਂ ਇਹ ਯਕੀਨੀ ਬਣਾਉਣ ਵਿੱਚ ਲੱਗੀਆਂ ਰਹੀਆਂ ਕਿ ਫਸੇ ਹੋਏ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਇਸ ਹਾਦਸੇ ਕਾਰਨ ਇਲਾਕੇ ਵਿੱਚ ਭਾਰੀ ਟ੍ਰੈਫਿਕ ਜਾਮ ਵੀ ਲੱਗ ਗਿਆ ਕਿਉਂਕਿ ਵਾਹਨਾਂ ਦਾ ਰਸਤਾ ਬਦਲਣਾ ਪਿਆ ਅਤੇ ਬਚਾਅ ਕਾਰਜ ਕਾਰਨ ਹਾਈਵੇ ਦੇ ਕੁਝ ਹਿੱਸੇ ਬੰਦ ਹੋ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
