ਮੰਡੀ : ਹਿਮਾਚਲ (Himachal Pradesh) ਦੇ ਮੰਡੀ (Mandi) ਜ਼ਿਲ੍ਹੇ 'ਚ ਅਕਸਰ ਹੀ ਭਿਆਨਿਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ , ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਹਿਮਾਚਲ ਦੇ ਮੰਡੀ ਤੋਂ ਸਾਹਮਣੇ ਆਇਆ ਹੈ , ਜਿੱਥੇ ਪੰਜਾਬ ਤੋਂ ਗਏ ਸੈਲਾਨੀਆਂ ਦੀ ਕ੍ਰੇਟਾ ਕਾਰ ਬੇਕਾਬੂ ਹੋ ਕੇ ਨਾਲ ਦੀ ਲੰਘਦੇ ਬਿਆਸ ਦਰਿਆ ਵਿੱਚ ਡਿੱਗ ਗਈ ਹੈ, ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਚੰਡੀਗੜ੍ਹ-ਮਨਾਲੀ NH-21 'ਤੇ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਨੇੜੇ ਵੀਰਵਾਰ ਦੇਰ ਸ਼ਾਮ ਕ੍ਰੇਟਾ ਕਾਰ ਬਿਆਸ ਦਰਿਆ 'ਚ ਪਲਟ ਗਈ ਹੈ। ਕਾਰ ਵਿੱਚ ਪ੍ਰਤੀਕ ਸਭਰਵਾਲ, ਵਿਧੂ ਸ਼ਰਮਾ ਅਤੇ ਹਰਨੂਰ ਸਿੰਘ ਸਵਾਰ ਸਨ। ਇਹ ਤਿੰਨੇ ਨੌਜਵਾਨ ਮਨਾਲੀ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਇਸ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਤਿੰਨੋਂ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਏ। ਪ੍ਰਤੀਕ ਅਤੇ ਹਰਨੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਜ਼ਖਮੀ ਸਮੇਤ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਗੱਡੀ 'ਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਮੰਡੀ ਭੇਜ ਦਿੱਤਾ। ਜ਼ਖ਼ਮੀ ਨੌਜਵਾਨ ਵਿਧੂ ਸ਼ਰਮਾ ਦਾ ਮੰਡੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਹਾਦਸੇ ਸਬੰਧੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ।
ਇਸ ਹਾਦਸੇ ਵਿੱਚ ਚੰਡੀਗੜ੍ਹ ਦੇ ਸੈਕਟਰ-45 ਦੇ 29 ਸਾਲਾ ਪ੍ਰਤੀਕ ਸਭਰਵਾਲ ਅਤੇ ਅੰਮ੍ਰਿਤਸਰ ਦੇ 28 ਸਾਲਾ ਹਰਨੂਰ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਗੁਰਦਾਸਪੁਰ ਦਾ 27 ਸਾਲਾ ਵਿਧੂ ਸ਼ਰਮਾ ਜ਼ਖਮੀ ਹੋ ਗਿਆ ਹੈ। ਤਿੰਨੋਂ ਦੋਸਤ ਮਨਾਲੀ ਗਏ ਹੋਏ ਸਨ। ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।