Chandigarh News: ਪੰਜਾਬ ਵਿੱਚ ਅਪਰਾਧਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਥਾਣਾ ਬਨੂੜ ਅਧੀਨ ਪੈਂਦੇ ਪਿੰਡ ਬੁੱਢਣਪੁਰ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਮਹੰਤ ਸਾਧੂ ਦਾਸ ਦੀ ਕੁਟੀਆ ਵਿੱਚ ਰਹਿ ਰਹੇ ਮਹੰਤ ਸ਼ੀਤਲ ਦਾਸ (70) ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਹੰਤ ਪਿੰਡ ਵਿੱਚੋਂ ਗਜ਼ਾ ਕਰਕੇ ਲਿਆਂਦੀ ਰੋਟੀ ਖਾ ਕੇ ਆਪਣਾ ਗੁਜ਼ਾਰਾ ਕਰਦਾ ਆ ਰਿਹਾ ਸੀ।
ਮੌਕੇ ’ਤੇ ਮੌਜੂਦ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਮਹੰਤ ਸ਼ੀਤਲ ਦਾਸ ਪਿਛਲੇ 40-42 ਸਾਲਾਂ ਤੋਂ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਮਹੰਤ ਸਾਉਣ ਦਾਸ ਦੀ ਸਮਾਧ ਨੇੜੇ ਬਣੀ ਕੁਟੀਆ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਕੁਟੀਆ ਦੇ ਨਾਂ ਉੱਤੇ ਮਾਲ ਵਿਭਾਗ ਵਿੱਚ ਤਕਰੀਬਨ ਤਿੰਨ ਵਿੱਘੇ ਜ਼ਮੀਨ ਜ਼ਮੀਨ ਦਰਜ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਕੁਝ ਔਰਤਾਂ ਨੇ ਕੁਟੀਆ ਦੇ ਬਾਹਰ ਸਵੇਰੇ ਦਸ ਕੁ ਵਜੇ ਮਹੰਤ ਸ਼ੀਤਲ ਦਾਸ ਦੀ ਲਾਸ਼ ਦੇਖੀ ਅਤੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਤੁਰੰਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਤਰ ਹੋ ਗਏ ਤੇ ਉਨ੍ਹਾਂ ਦੇਖਿਆ ਕਿ ਮਹੰਤ ਦੀ ਲਾਸ਼ ਖੂਨ ਨਾਲ ਲੱਥ-ਪੱਥ ਸੀ ਤੇ ਉੁਸ ਦੇ ਮੂੰਹ ਤੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਜ਼ਖ਼ਮ ਸਨ। ਪਿੰਡ ਵਾਸੀਆਂ ਨੇ ਥਾਣਾ ਬਨੂੜ ਨੂੰ ਸੂਚਿਤ ਕੀਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਵਿੱਚ ਮੱਝਾਂ ਚੋਰੀ ਕਰਨ ਵਾਲਾ ਗਰੋਹ ਘੁੰਮ ਰਿਹਾ ਸੀ ਤੇ ਉਹ ਇਕ ਕਿਸਾਨ ਦੀਆਂ ਮੱਝਾਂ ਖੋਲ੍ਹਣ ਲੱਗੇ ਤਾਂ ਖੜਕਾ ਸੁਣ ਕੇ ਨੇੜਲੇ ਘਰਾਂ ਦੇ ਵਸਨੀਕ ਜਾਗ ਗਏ ਤੇ ਗਰੋਹ ਦੇ ਮੈਂਬਰ ਭੱਜ ਗਏ। ਪਿੰਡ ਵਾਸੀਆਂ ਨੇ ਖ਼ਦਸ਼ਾ ਜਤਾਇਆ ਕਿ ਮਹੰਤ ਨੂੰ ਚੋਰ ਗਰੋਹ ਵੱਲੋਂ ਹੀ ਕਤਲ ਕੀਤਾ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।