ਲੁਧਿਆਣਾ : ਲੁਧਿਆਣਾ ਦੇ ਢੰਡਾਰੀ ਖੁਰਦ ਦੇ ਦਸ਼ਮੇਸ਼ ਮਾਰਕਿਟ ਇਲਾਕੇ ਵਿੱਚ ਇੱਕ ਦਿਨ ਪਹਿਲਾਂ ਅਮਿਤ ਨਾਮਕ ਬੱਚੇ ਨੂੰ ਉਸਦੇ ਕਮਰੇ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਪੈਸਿਆਂ ਦੇ ਲਾਲਚ ਵਿੱਚ ਅਗਵਾ ਕਰ ਲਿਆ ਸੀ। ਬੱਚੇ ਦਾ ਪਿਤਾ ਗਰੀਬ ਸੀ ,ਜੋ ਮੁਲਜ਼ਮਾਂ ਵੱਲੋਂ ਮੰਗੀ ਗਈ ਕਈ ਫਿਰੌਤੀ ਦੇਣ ਤੋਂ ਅਸਮਰੱਥ ਸੀ, ਜਿਸ ਕਾਰਨ ਮੁਲਜ਼ਮਾਂ ਨੇ ਬੱਚੇ ਦਾ ਕਤਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ।

 

ਇਸੇ ਇਲਾਕੇ ਵਿੱਚ ਅਮਿਤ ਨਾਮ ਦਾ ਇੱਕ ਹੋਰ ਬੱਚਾ ਵੀ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ। ਉਸ ਦੇ ਪਰਿਵਾਰਕ ਮੈਂਬਰ ਪੁਲੀਸ ਚੌਕੀ ਢੰਡਾਰੀ ਵਿੱਚ ਰਿਪੋਰਟ ਦਰਜ ਕਰਵਾਉਣ ਲਈ ਕਈ ਵਾਰ ਗਏ ਪਰ ਕਿਸੇ ਵੀ ਅਧਿਕਾਰੀ ਨੇ ਬੱਚੇ ਦੀ ਸਹੀ ਭਾਲ ਨਹੀਂ ਕੀਤੀ। ਦਸਮੇਸ਼ ਮਾਰਕੀਟ ਦੀ ਗਲੀ ਨੰਬਰ 4 ਵਿੱਚ ਰਹਿਣ ਵਾਲੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦਾ ਬੱਚਾ ਅਮਿਤ (10) ਡੇਢ ਮਹੀਨੇ ਤੋਂ ਲਾਪਤਾ ਹੈ। 

 

ਉਨ੍ਹਾਂ ਦੇ ਨਾਲ ਲੱਗਦੀ ਗਲੀ ਨੰਬਰ 3 ਵਿੱਚ ਅਮਿਤ ਨਾਮ ਦਾ ਬੱਚਾ ਦੋ ਦਿਨਾਂ ਤੋਂ ਲਾਪਤਾ ਸੀ। ਹੁਣ ਪਤਾ ਲੱਗਾ ਹੈ ਕਿ ਬੱਚੇ ਦਾ ਕਤਲ ਹੋ ਗਿਆ ਹੈ। ਇਸ ਤੋਂ ਬਾਅਦ ਡੇਢ ਮਹੀਨੇ ਤੋਂ ਲਾਪਤਾ ਅਮਿਤ ਦੇ ਮਾਪਿਆਂ ਦੇ ਦਿਲਾਂ 'ਚ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ। ਪੁਲਿਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਹੁਣ ਤੱਕ ਉਨ੍ਹਾਂ ਦੇ ਬੱਚੇ ਦਾ ਸੁਰਾਗ ਨਹੀਂ ਲਗਾ ਸਕੀ ਹੈ। ਲਾਪਤਾ ਅਮਿਤ ਦੀ ਮਾਂ ਸੀਮਾ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ 30 ਅਪ੍ਰੈਲ ਤੋਂ ਲਾਪਤਾ ਹੈ।


ਉਸ ਦਾ 10 ਸਾਲਾ ਬੇਟਾ ਅਮਿਤ ਬਰਫ ਲੈਣ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਅਮਿਤ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਉਨ੍ਹਾਂ ਨੇ ਅਮਿਤ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਆਖ਼ਰਕਾਰ ਪੁਲੀਸ ਨੇ 4 ਮਈ ਨੂੰ ਅਣਪਛਾਤੇ ਵਿਅਕਤੀਆਂ ਨੂੰ ਅਗਵਾ ਕਰਨ ਅਤੇ ਬੰਧਕ ਬਣਾ ਕੇ ਰੱਖਣ ਦਾ ਕੇਸ ਦਰਜ ਕਰ ਲਿਆ। ਸੀਮਾ ਰਾਣੀ ਨੇ ਦੋਸ਼ ਲਾਇਆ ਕਿ ਪੁਲੀਸ ਉਸ ਦੇ ਪੁੱਤਰ ਨੂੰ ਲੱਭਣ ਲਈ ਕੁਝ ਨਹੀਂ ਕਰ ਰਹੀ।

ਉਹ ਆਪਣੇ ਪੁੱਤਰ ਦੀ ਭਾਲ ਵਿੱਚ ਥਾਣੇ ਦੇ ਚੱਕਰ ਲਗਾ -ਲਗਾ ਕੇ ਥੱਕ ਚੁੱਕੀ ਹੈ। ਜਦੋਂ ਵੀ ਉਹ ਥਾਣੇ ਜਾਂਦੀ ਹੈ ਤਾਂ ਉਸ ਦਾ ਇੱਕੋ ਜਵਾਬ ਮਿਲਦਾ ਹੈ ਕਿ ਜਦੋਂ ਤੁਹਾਡਾ ਲੜਕਾ ਮਿਲਿਆ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ।