Ludhiana News: ਲੁਧਿਆਣਾ ਦੀ ਕਮਾਨ ਹੁਣ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੱਥ ਹੈ। ਉਹ ਜਲੰਧਰ ਤੋਂ ਬਦਲ ਕੇ ਲੁਧਿਆਣਾ ਆਏ ਹਨ। ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਲਈ ਲੁਧਿਆਣਾ ਅੰਦਰ ਲਾਅ ਐਂਡ ਆਰਡਰ ਲਾਗੂ ਕਰਨਾ ਵੱਡੀ ਚੁਣੌਤੀ ਰਹੇਗੀ।


ਇਸ ਗੱਲ ਦੀ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਹ ਅਹੁਦਾ ਸੰਭਾਲ ਰਹੇ ਸੀ, ਉਸ ਸਮੇਂ ਲੁਧਿਆਣਾ ਦੇ ਹੈਬੋਵਾਲ ਵਿੱਚ ਕਤਲ ਹੋ ਗਿਆ। ਇਹ ਕਤਲ ਦਿਨ-ਦਿਹਾੜੇ ਹੋਇਆ ਹੈ। ਹੈਬੋਵਾਲ ਦੇ ਰਘੁਬੀਰ ਪਾਰਕ ਇਲਾਕੇ 'ਚ ਦੋਸਤ ਨਾਲ ਕੁਲਚਾ ਖਾਣ ਗਏ ਨੌਜਵਾਨ ਦਾ ਬਾਈਕ ਸਵਾਰ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਉਸ ਦੇ ਦੋਸਤ ’ਤੇ ਵੀ ਹਮਲਾ ਕਰ ਦਿੱਤਾ। 


ਬਾਈਕ ਸਵਾਰ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਕਤਲ ਦੀ ਘਟਨਾ ਕਾਰਨ ਰਘੁਬੀਰ ਪਾਰਕ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਰਾਹੁਲ (20) ਵਾਸੀ ਰਘੁਬੀਰ ਪਾਰਕ ਵਜੋਂ ਹੋਈ ਹੈ। ਜਦੋਂਕਿ ਦੋਸਤ ਆਸ਼ੂ ਨੂੰ ਇਲਾਜ ਤੋਂ ਬਾਅਦ ਡੀਐਮਸੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਰਾਹੁਲ ਤੇ ਉਸ ਦਾ ਦੋਸਤ ਆਸ਼ੂ ਬਾਈਕ 'ਤੇ ਕੁਲਚਾ ਖਾਣ ਗਏ ਸਨ। ਬਾਈਕ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ। ਕਰੀਬ ਡੇਢ ਸਾਲ ਪਹਿਲਾਂ ਰਾਹੁਲ ਦੀ ਉਸ ਨਾਲ ਲੜਾਈ ਹੋਈ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਵਿੱਚ ਕੇਸ ਵੀ ਦਰਜ ਹੈ। ਰੰਜਿਸ਼ ਕਾਰਨ ਦੋਵਾਂ ਨੌਜਵਾਨਾਂ ਦੀ ਰਾਹੁਲ ਨਾਲ ਤਕਰਾਰ ਹੋ ਗਈ। ਕੁਝ ਦੇਰ ਵਿਚ ਹੀ ਮਾਮਲਾ ਤੂਲ ਫੜ ਗਿਆ। ਇਸ ਦੌਰਾਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਰਾਹੁਲ 'ਤੇ ਹਮਲਾ ਕਰ ਦਿੱਤਾ। ਦਖਲ ਦੇਣ ਆਏ ਆਸ਼ੂ 'ਤੇ ਵੀ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ।


ਕਈ ਸੱਟਾਂ ਲੱਗਣ ਕਾਰਨ ਰਾਹੁਲ ਮੌਕੇ 'ਤੇ ਹੀ ਡਿੱਗ ਗਿਆ। ਇਸ ਤੋਂ ਬਾਅਦ ਦੋਸ਼ੀ ਬਾਈਕ 'ਤੇ ਫਰਾਰ ਹੋ ਗਿਆ। ਆਸ਼ੂ ਨੇ ਤੁਰੰਤ ਰਾਹੁਲ ਦੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਰਾਹੁਲ ਨੂੰ ਡੀਐਮਸੀ ਹਸਪਤਾਲ ਲੈ ਗਏ। ਜਿੱਥੇ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।