Crime News : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਇੱਕ 25 ਸਾਲਾ ਦਲਿਤ ਲੜਕੀ ਨਾਲ ਪੁਜਾਰੀ ਅਤੇ ਹੋਰਾਂ ਨੇ ਕਥਿਤ ਤੌਰ 'ਤੇ ਸਮੂਹਿਕ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਸੰਜੇ ਸ਼ਰਮਾ ਪੀੜਤਾ ਦਾ ਪਰਿਵਾਰਕ ਪੁਜਾਰੀ ਹੈ ਅਤੇ ਉਸ ਨੇ ਆਪਣੇ ਪਰਿਵਾਰ ਵੱਲੋਂ ਕਈ ਧਾਰਮਿਕ ਰਸਮਾਂ ਨਿਭਾਈਆਂ ਹਨ। ਅਜਮੇਰ (ਉੱਤਰੀ) ਦੇ ਡਿਪਟੀ ਸੁਪਰਡੈਂਟ ਛਵੀ ਸ਼ਰਮਾ ਨੇ ਪੀੜਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ, ''ਮੁਲਜ਼ਮਾਂ ਨੇ ਪੀੜਤਾ ਨੂੰ ਘਰ 'ਚ ਇਕੱਲੀ ਦੇਖ ਕੇ ਕਥਿਤ ਤੌਰ 'ਤੇ ਜ਼ਬਰ ਜਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾ ਲਈ।


ਪੀੜਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਉਸ ਤੋਂ ਪੈਸੇ ਵਸੂਲੇ ਅਤੇ ਫਿਰ ਕੁਝ ਹੋਰਾਂ ਨਾਲ ਮਿਲ ਕੇ ਉਸ ਨਾਲ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਕੀਤਾ। ਡੀਐਸਪੀ ਛਵੀ ਸ਼ਰਮਾ ਅਨੁਸਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਨਸ਼ੀਲਾ ਪਦਾਰਥ ਖੁਆਇਆ ਸੀ, ਜਿਸ ਕਾਰਨ ਉਹ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਦੱਸਣ ਤੋਂ ਅਸਮਰੱਥ ਹੈ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਮੁਲਜ਼ਮ ਪੁਜਾਰੀ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਪਿਛਲੇ ਇਕ ਮਹੀਨੇ 'ਚ ਕਈ ਵਾਰ ਉਸ ਨਾਲ ਜ਼ਬਰ ਜਨਾਹ ਕੀਤਾ।


ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਵਿਰੋਧ ਕਰਨ 'ਤੇ ਉਸ ਦੇ ਪਤੀ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਅਤੇ ਜ਼ਬਰ ਜਨਾਹ ਦੀ ਵੀਡੀਓ ਜਨਤਕ ਕਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੂੰ ਬੰਧਕ ਬਣਾ ਕੇ ਨਸ਼ੀਲੇ ਟੀਕੇ ਲਾਏ ਗਏ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਪਤੀ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ 27 ਸਤੰਬਰ ਨੂੰ ਥਾਣੇ ਦੇ ਬਾਹਰ ਸੁੱਟ ਦਿੱਤਾ। ਪੁਲਿਸ ਅਨੁਸਾਰ ਸ਼ਿਕਾਇਤ ਦੇ ਆਧਾਰ ’ਤੇ 7 ਅਕਤੂਬਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।


ਸਿਵਲ ਲਾਈਨ ਥਾਣੇ ਨੂੰ ਕੀਤਾ ਸੂਚਿਤ, ਨਹੀਂ ਹੋਈ ਕਰਵਾਈ


ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਇਸ ਸਬੰਧੀ ਅਜਮੇਰ ਸਿਵਲ ਲਾਈਨ ਥਾਣੇ ਨੂੰ ਸੂਚਿਤ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਘਟਨਾ ਤੋਂ ਬਾਅਦ ਜਦੋਂ ਉਹ ਚੁੱਪ ਰਹਿਣ ਲੱਗੀ ਤਾਂ ਪਰਿਵਾਰ ਵਾਲਿਆਂ ਨੇ ਪੁੱਛਗਿੱਛ ਕੀਤੀ। ਉਸ ਨੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪਰਿਵਾਰਕ ਮੈਂਬਰ ਔਰਤ ਨੂੰ ਸਿਵਲ ਲਾਈਨ ਥਾਣੇ ਲੈ ਗਏ ਅਤੇ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਮੁੱਖ ਮੁਲਜ਼ਮ ਪੁਜਾਰੀ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਗੈਂਗਰੇਪ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਅਜਮੇਰ ਉੱਤਰੀ ਦੇ ਉਪ ਪੁਲਿਸ ਕਪਤਾਨ ਛਵੀ ਸ਼ਰਮਾ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।