ਆਗਰਾ: ਪੁਲਿਸ ਨੇ ਸ਼ੁੱਕਰਵਾਰ ਨੂੰ ਆਗਰਾ ਦੇ ਕਮਲਾਨਗਰ ਵਿੱਚ ਦਿਨ ਦਿਹਾੜੇ ਦੰਦਾਂ ਦੀ ਡਾਕਟਰ ਨਿਸ਼ਾ ਸਿੰਘਲ ਨੂੰ ਕਤਲ ਕਰਨ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸ਼ੁਭਮ ਪਾਠਕ ਨੂੰ ਗ੍ਰਿਫਤਾਰ ਕੀਤਾ ਹੈ। ਕਲਿੰਦੀ ਵਿਹਾਰ 100 ਫੁੱਟਾ ਰੋਡ 'ਤੇ ਇੱਕ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਉਸਨੂੰ ਰਾਤ 12:30 ਵਜੇ ਗ੍ਰਿਫਤਾਰ ਕੀਤਾ। ਉਸਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਕੋਲੋਂ ਲੁੱਟੇ ਹੋਏ ਪੈਸੇ ਅਤੇ ਗਹਿਣੇ ਵੀ ਬਰਾਮਦ ਹੋਏ ਹਨ।

ਟੀਵੀ ਰੀਚਾਰਜ ਦੇ ਬਹਾਨੇ ਘਰ ਹੋਇਆ ਸੀ ਦਾਖਲ
ਟੀਵੀ ਰਿਚਾਰਜ ਕਰਨ ਦੇ ਬਹਾਨੇ ਦੁਪਹਿਰ ਬਾਅਦ ਕਰੀਬ ਸਾਢੇ ਤਿੰਨ ਵਜੇ ਕਮਲਾਨਗਰ ਦੀ ਕਾਵੇਰੀ ਕੁੰਜ ਕਲੋਨੀ ਵਿਖੇ ਆਏ ਨੌਜਵਾਨ ਨੇ ਦੰਦਾਂ ਦੀ ਡਾਕਟਰ ਨਿਸ਼ਾ ਸਿੰਘਲ (38) ਨੂੰ ਚਾਕੂ ਨਾਲ ਕਤਲ ਕਰਕੇ ਘਰ ਲੁੱਟ ਲਿਆ। ਉਸਨੇ ਡਾਕਟਰ ਦੀ ਧੀ ਅਮੀਸ਼ਾ (8) ਅਤੇ ਬੇਟੇ ਅਦਵਈਆ (4) ਨੂੰ ਵੀ ਗਲੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ। ਸਾਹਮਣੇ ਵਾਲੇ ਘਰ ਦੇ ਸੀਸੀਟੀਵੀ ਫੁਟੇਜ ਨੇ ਉਸ ਦੀ ਪਛਾਣ ਸ਼ਿਵਮ ਪਾਠਕ ਵਜੋਂ ਕੀਤੀ, ਜੋ ਟਰਾਂਸ ਯਮੁਨਾ ਕਲੋਨੀ ਦਾ ਵਸਨੀਕ ਹੈ।

ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਕੇਬਲ ਆਪਰੇਟਰ ਸ਼ੁਭਮ 'ਤੇ ਕਰਜ਼ਾ ਕਾਫੀ ਵੱਧ ਗਿਆ ਸੀ। ਉਹ ਇਸ ਬਾਰੇ ਤਣਾਅ ਵਿੱਚ ਸੀ ਅਤੇ ਇਸ ਲਈ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।



ਚਾਕੂ ਮਾਰ ਜ਼ਖਮੀ ਕੀਤੇ ਮਾਸੂਮ
ਡਾਕਟਰ ਨਿਸ਼ਾ ਦਾ ਕਲੀਨਿਕ ਘਰ ਵਿੱਚ ਹੀ ਹੈ। ਪਤੀ ਅਜੇ ਸਿੰਘਲ ਦਿੱਲੀ ਗੇਟ ਵਿਖੇ ਰਵੀ ਹਸਪਤਾਲ ਵਿੱਚ ਪਲਾਸਟਿਕ ਸਰਜਨ ਹੈ। ਉਹ ਹਸਪਤਾਲ ਵਿੱਚ ਸੀ ਜਦੋਂ ਡਾਕਟਰ ਨਿਸ਼ਾ ਅਤੇ ਬੱਚੇ ਘਰ ਵਿੱਚ ਹਮਲੇ ਦਾ ਸ਼ਿਕਾਰ ਹੋਏ। ਮੋਬਾਈਲ ਅਤੇ ਟੀਵੀ ਰਿਚਾਰਜ ਕਰਨ ਵਾਲਾ ਇੱਕ ਨੌਜਵਾਨ ਸ਼ੁਭਮ ਪਾਠਕ ਘਰ ਦਾਖਲ ਹੋਇਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਜ਼ਖਮੀ ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਡਰਾਇੰਗਰੂਮ ਵਿੱਚ ਮਾਂ ਦੀ ਹੱਤਿਆ ਕਰ ਦਿੱਤੀ।ਜਦੋਂ ਉਹ ਮਾਂ ਦੀ ਚੀਕ ਸੁਣ ਕੇ ਆਏ ਤਾਂ ਉਸਨੇ ਉਨ੍ਹਾਂ ਨੂੰ ਵੀ ਚਾਕੂ ਮਾਰ ਜ਼ਖਮੀ ਕਰ ਦਿੱਤਾ, ਜਦੋਂ ਉਹ ਡਿੱਗੇ ਤਾਂ ਉਹ ਉਥੋਂ ਚਲਾ ਗਿਆ ਅਤੇ ਫਿਰ ਪੂਰਾ ਘਰ ਖੰਗਾਲਿਆ।

ਘਰ ਅੰਦਰ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਕਾਤਲ ਨੇ ਡਾ. ਨਿਸ਼ਾ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਸੀ। ਇਸ ਤੋਂ ਬਾਅਦ, ਉਹ ਸ਼ਾਮ ਸਾਢੇ ਚਾਰ ਵਜੇ ਤੱਕ ਇੱਕ ਘੰਟਾ ਘਰ ਵਿੱਚ ਹੀ ਰਿਹਾ।ਉਸ ਦੇ ਜਾਣ ਤੋਂ ਬਾਅਦ ਨਿਸ਼ਾ ਨੇ ਜ਼ਖਮੀ ਹਾਲਤ 'ਚ ਆਪਣੇ ਪਤੀ ਨੂੰ ਫੋਨ ਕੀਤਾ। ਉਹ ਅੱਧੇ ਘੰਟੇ ਵਿੱਚ ਪਹੁੰਚਿਆ।ਇਸ ਡੇਢ ਘੰਟੇ ਵਿੱਚ ਨਿਸ਼ਾ ਦਾ ਬਹੁਤ ਖੂਨ ਵਗ ਚੁੱਕਾ ਸੀ। ਉਸ ਦਾ ਪਤੀ ਉਸਨੂੰ ਅਤੇ ਬੱਚਿਆਂ ਨੂੰ ਰਵੀ ਹਸਪਤਾਲ ਲੈ ਗਿਆ, ਪਰ ਉਦੋਂ ਤੱਕ ਨਿਸ਼ਾ ਦੀ ਮੌਤ ਹੋ ਚੁੱਕੀ ਸੀ।

ਸ਼ੁਭਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ
ਨਿਸ਼ਾ ਦੇ ਪਤੀ ਡਾਕਟਰ ਅਜੈ ਨੇ ਪੁਲਿਸ ਨੂੰ ਬੁਲਾਇਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਸਬੰਧੀ ਜਾਣਕਾਰੀ ਲਈ। ਆਈਜੀ ਰੇਂਜ ਏ. ਸਤੀਸ਼ ਗਣੇਸ਼ ਨੇ ਦੱਸਿਆ ਕਿ ਡਾਕਟਰ ਦੀ ਹੱਤਿਆ ਕਰਨ ਦੇ ਦੋਸ਼ੀ ਸ਼ੁਭਮ ਪਾਠਕ ਨੂੰ ਇੱਕ ਮੁਕਾਬਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੋਂ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਵੀ ਬਰਾਮਦ ਹੋਇਆ ਹੈ।