ਲੁਧਿਆਣਾ: ਲੁਧਿਆਣਾ ਵਿੱਚ ਏਅਰਫੋਰਸ ਤੋਂ ਸੇਵਾਮੁਕਤ ਅਧਿਕਾਰੀ ਭੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਸ਼ਪਿੰਦਰ ਕੌਰ ਦੇ ਕਤਲ ਦੇ ਪਿੱਛੇ ਦਾ ਭੇਤ ਬੇਨਕਾਬ ਹੋ ਗਿਆ ਹੈ। ਸੱਚ ਜਾਣ ਕੇ ਹਰ ਕੋਈ ਹੈਰਾਨ ਹੈ। ਮਾਮਲਾ ਜੀਟੀਬੀ ਨਗਰ ਲੁਧਿਆਣਾ ਦਾ ਹੈ। ਬਜ਼ੁਰਗ ਜੋੜੇ ਦਾ ਕਤਲ ਕਿਸੇ ਦੁਸ਼ਮਣੀ ਕਾਰਨ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੇ ਪੁੱਤਰ ਨੇ ਜਾਇਦਾਦ ਦੀ ਖ਼ਾਤਰ ਕਤਲ ਕਰਵਾਇਆ ਹੈ। ਮੁਲਜ਼ਮਾਂ ਨੇ 2.5 ਲੱਖ ਰੁਪਏ ਦੀ ਸੁਪਾਰੀ ਦੇ ਕੇ ਇਸ ਪੂਰੇ ਕਤਲ ਨੂੰ ਅੰਜਾਮ ਦਿੱਤਾ।



ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮਾਂ ਨੂੰ ਘਰ ਦੇ ਅੰਦਰ ਵੀ ਬੇਟੇ ਨੇ ਹੀ ਆਉਣ ਦਿੱਤਾ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਛੱਤ 'ਤੇ ਕਰੀਬ ਇੱਕ ਘੰਟੇ ਤੱਕ ਇੰਤਜ਼ਾਰ ਕੀਤਾ। ਜਿਵੇਂ ਹੀ ਭੁਪਿੰਦਰ ਸਿੰਘ ਜਾਗਿਆ ਤਾਂ ਦੋਸ਼ੀਆਂ ਨੇ ਉਸ 'ਤੇ ਤੁਰੰਤ ਹਮਲਾ ਕਰ ਦਿੱਤਾ। ਇਹ ਦੇਖ ਕੇ ਜਦੋਂ ਉਸ ਦੀ ਪਤਨੀ ਉੱਠਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ ਅਤੇ ਜਾਂਦੇ ਸਮੇਂ ਭੁਪਿੰਦਰ ਦੀ ਜੇਬ ਵਿੱਚ ਪਏ ਪੈਸੇ, ਸੋਨੇ ਦੀ ਅਗੂੰਠੀ ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ।

ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਬੇਟੇ ਹਰਮੀਤ ਸਿੰਘ ਉਰਫ਼ ਮਨੀ ਸਮੇਤ ਭਾਮੀਆਂ ਰੋਡ ਦੇ ਮੁਹੱਲਾ ਜਪਾਨ ਕਲੋਨੀ ਵਾਸੀ ਬਲਵਿੰਦਰ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਭਾਮੀਆਂ ਖੁਰਦ ਦੇ ਸ਼ਾਂਤੀ ਵਿਹਾਰ ਦਾ ਰਹਿਣ ਵਾਲਾ ਵਿਕਾਸ ਗਿੱਲ ਤੇ ਸ਼ੰਕਰ ਕਲੋਨੀ ਵਾਸੀ ਸੁਨੀਲ ਮਸੀਹ ਉਰਫ਼ ਲੱਡੂ ਫ਼ਰਾਰ ਹਨ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਵਾਰਦਾਤ ’ਚ ਵਰਤੀ ਗਈ ਮੋਟਰਸਾਈਕਲ ਬਰਾਮਦ ਕਰ ਲਈ ਹੈ।

ਪੁਲੀਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਭੁਪਿੰਦਰ ਸਿੰਘ ਏਅਰਫੋਰਸ ਤੋਂ ਸੇਵਾਮੁਕਤ ਹੋਇਆ ਸੀ ਤੇ ਉਸ ਤੋਂ ਬਾਅਦ ਆਪਣਾ ਸਕੂਲ ਚਲਾ ਰਿਹਾ ਸੀ। ਉਹ ਸਾਰਾ ਕੰਟਰੋਲ ਆਪਣੇ ਹੱਥ ਵਿਚ ਰੱਖਦੇ ਸੀ। ਪੁੱਤਰ ਨੂੰ 10 ਹਜ਼ਾਰ ਰੁਪਏ ਮਹੀਨੇ ਦਾ ਖਰਚਾ ਤੇ ਹਰਮੀਤ ਦੀ ਪਤਨੀ ਨੂੰ ਸਾਢੇ ਅੱਠ ਹਜ਼ਾਰ ਰੁਪਏ ਦਿੰਦੇ ਸੀ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਨੇ ਮਕਾਨ ਬਣਾ ਕੇ ਪਲਾਟ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਪਿਓ-ਪੁੱਤ ਵਿਚਾਲੇ ਕਾਫੀ ਤਕਰਾਰ ਹੋ ਗਈ। ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਹਰਮੀਤ ਪਿਤਾ ਦੀਆਂ ਰੋਜ਼ਾਨਾ ਦੀਆਂ ਧਮਕੀਆਂ ਤੋਂ ਬਹੁਤ ਪਰੇਸ਼ਾਨ ਸੀ ਅਤੇ ਪਿਤਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਉਣ ਲੱਗਾ।

ਪੁਲੀਸ ਕਮਿਸ਼ਨਰ ਅਨੁਸਾਰ ਮੁਲਜ਼ਮ ਬਲਵਿੰਦਰ ਸਿੰਘ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ, ਜਦਕਿ ਬਾਕੀ ਦੋ ਮੁਲਜ਼ਮ ਵੀ ਮਜ਼ਦੂਰੀ ਦਾ ਕੰਮ ਕਰਦੇ ਹਨ। ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਖਾਲੀ ਬੈਠਾ ਸੀ ਅਤੇ ਉਸ ਦਾ ਕੋਈ ਕਾਰੋਬਾਰ ਨਹੀਂ ਸੀ। ਕਰੀਬ 15 ਦਿਨ ਪਹਿਲਾਂ ਮੁਲਜ਼ਮ ਹਰਮੀਤ ਸਿੰਘ ਕੋਲ ਪਹੁੰਚਿਆ ਅਤੇ ਕੰਮ ਮੰਗਿਆ। ਦੋਸ਼ੀ ਨੇ ਉਸ ਸਮੇਂ ਕੁਝ ਵੀ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਹਰਮੀਤ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਹਰਮੀਤ ਨੇ ਉਸੇ ਸਮੇਂ ਮੁਲਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਤਲ ਨੂੰ ਅੰਜਾਮ ਦੇਣਾ ਹੈ ਅਤੇ ਉਨ੍ਹਾਂ ਨੂੰ ਢਾਈ ਲੱਖ ਰੁਪਏ ਦਿੱਤੇ ਜਾਣਗੇ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਲਈ ਰਾਜ਼ੀ ਹੋ ਗਿਆ। ਦੋ ਦਿਨ ਪਹਿਲਾਂ ਹੀ ਪੂਰੀ ਪਲੈਨਿੰਗ ਬਣਾ ਲਈ ਗਈ ਸੀ ਕਿ ਦੋਸ਼ੀ ਕਦੋਂ ਤੱਕ ਪਹੁੰਚਣਗੇ ਅਤੇ ਕਿਸ ਤਰ੍ਹਾਂ ਘਰ 'ਚ ਦਾਖਲ ਹੋਣਗੇ।

ਸੀਪੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹਰਮੀਤ ਸਿੰਘ ਨੇ ਮੁਲਜ਼ਮਾਂ ਨੂੰ ਸਿੱਧੇ ਤੌਰ ’ਤੇ ਕਿਹਾ ਸੀ ਕਿ ਉਸ ਦੇ ਪਿਤਾ ਭੁਪਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਨਾ ਹੈ। ਯੋਜਨਾ ਤਹਿਤ ਦੋਸ਼ੀ ਦੁਪਹਿਰ 3.30 ਵਜੇ ਦੇ ਕਰੀਬ ਘਰ ਦੇ ਬਾਹਰ ਪਹੁੰਚਿਆ ਅਤੇ ਗੇਟ ਖੋਲ੍ਹਿਆ ਗਿਆ। ਇਸ ਤੋਂ ਬਾਅਦ ਹਰਮੀਤ ਨੇ ਮੁਲਜ਼ਮਾਂ ਨੂੰ ਗੇਟ ਖੋਲ੍ਹ ਕੇ ਉੱਪਰ ਭੇਜ ਦਿੱਤਾ।

ਭੁਪਿੰਦਰ ਸਿੰਘ ਤੇ ਉਸ ਦੀ ਪਤਨੀ ਸ਼ਾਮ 4.30 ਵਜੇ ਦੇ ਕਰੀਬ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਸਨ। ਘਟਨਾ ਵਾਲੇ ਦਿਨ ਜਦੋਂ ਮੁਲਜ਼ਮ ਉਪਰੋਂ ਗਏ ਤਾਂ ਉਨ੍ਹਾਂ ਨੂੰ ਇੱਕ ਘੰਟਾ ਛੱਤ ’ਤੇ ਬੈਠ ਕੇ ਉਡੀਕ ਕਰਨੀ ਪਈ। ਇਸ ਤੋਂ ਬਾਅਦ ਭੁਪਿੰਦਰ ਸਿੰਘ ਜਾਗ ਗਿਆ ਅਤੇ ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੁਸ਼ਪਿੰਦਰ ਕੌਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਦਾ ਵੀ ਮੂੰਹ ਬੰਦ ਕਰ ਕੇ ਕਤਲ ਕਰ ਦਿੱਤਾ। ਮੁਲਜ਼ਮ ਉਥੋਂ ਡੀਵੀਆਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਹਰਮੀਤ ਨੇ ਡਰਾਮਾ ਰਚ ਕੇ ਰੌਲਾ ਪਾਇਆ।