ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਫ਼ਰਵਾਲ ਵਿੱਚ ਕਲਯੁੱਗੀ ਪੁੱਤ ਨੇ ਜ਼ਮੀਨ ਖੁੱਸਣ ਦੇ ਡਰ ਤੋਂ ਕੁਝ ਦਿਨ ਪਹਿਲਾਂ ਆਪਣੇ ਬਜ਼ੁਰਗ ਪਿਤਾ ਦਾ ਕਰੰਟ ਲਾ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਰਾਤ ਨੂੰ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿਤਾ।



ਹੁਣ ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਪੁੱਤਰ ਨੂੰ ਕਤਲ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਵੱਡੇ ਭਰਾ ਨੂੰ ਸ਼ੱਕ ਹੋਣ ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਮਗਰੋਂ ਪੁਲਿਸ ਨੇ ਮਾਮਲਾ ਦਰਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਮ੍ਰਿਤਕ ਬਜ਼ੁਰਗ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ "ਉਸ ਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਦੀ 12 ਏਕੜ ਦੇ ਕਰੀਬ ਜ਼ਮੀਨ ਸੀ ਜੋ ਪਿਤਾ ਨੇ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ। ਪਿਤਾ ਮੇਰੇ ਕੋਲ ਮੁਹਾਲੀ ਰਹਿੰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਛੋਟੇ ਭਰਾ ਕੋਲ ਆਇਆ ਸੀ।

ਉਸ ਨੇ ਅੱਗੇ ਕਿਹਾ, "ਹਰਪਾਲ ਪਿਤਾ ਨਾਲ ਲੜਾਈ-ਝਗੜਾ ਕਰਦਾ ਸੀ ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਤੁੜਵਾ ਕੇ ਜ਼ਮੀਨ ਫਿਰ ਆਪਣੇ ਨਾਮ ਕਰਵਾ ਲਵੇਗਾ। ਇਸ ਕਰਕੇ ਜ਼ਮੀਨ ਖੁੱਸਣ ਦੇ ਡਰ ਤੋਂ ਉਸ ਨੇ ਪਿਤਾ ਨੂੰ ਰਾਤ ਸੁੱਤੇ ਪਏ ਕਰੰਟ ਲੱਗਾ ਦਿੱਤਾ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਰਾਤ ਨੂੰ ਹੀ ਅੰਤਿਮ ਸੰਸਕਾਰ ਕਰ ਦਿੱਤਾ।"

ਮੁਲਜ਼ਮ ਨੇ ਆਪਣਾ ਜ਼ੁਰਮ ਵੀ ਕਬੁਲ ਕਰ ਲਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ। ਵੱਡੇ ਭਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।