Mother Killed Her Daughter : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਸੰਪਨਗੀਰਾਮਨਗਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਇਕ ਮਾਂ ਆਪਣੀ 4 ਸਾਲ ਦੀ ਬੇਟੀ ਨੂੰ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਵੀਰਵਾਰ (4 ਅਗਸਤ) ਦੁਪਹਿਰ ਕਰੀਬ 3 ਵਜੇ ਦਾ ਹੈ। ਇੱਥੇ ਇੱਕ ਕਲਯੁਗੀ ਮਾਂ ਨੇ ਬੱਚੀ ਨੂੰ ਬਾਲਕੋਨੀ ਤੋਂ ਹੇਠਾਂ ਸੁੱਟ ਦਿੱਤਾ, ਬੱਚੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਪਹਿਲਾਂ ਬੱਚੀ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ।
ਚਸ਼ਮਦੀਦਾਂ ਮੁਤਾਬਕ ਸਭ ਨੇ ਪਹਿਲਾਂ ਤਾਂ ਇਹ ਹਾਦਸਾ ਸਮਝਿਆ ਕਿਉਂਕਿ ਬੱਚੀ ਦੇ ਡਿੱਗਣ ਤੋਂ ਬਾਅਦ ਮਾਂ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਆਸ-ਪਾਸ ਦੇ ਲੋਕਾਂ ਨੇ ਪਹੁੰਚ ਕੇ ਉਸ ਨੂੰ ਬਚਾ ਲਿਆ। ਉੱਥੇ ਹੀ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਕਿ ਇੱਕ ਮਾਂ ਅਜਿਹਾ ਕਿਵੇਂ ਕਰ ਸਕਦੀ ਹੈ। ਸੀਸੀਟੀਵੀ ਤੋਂ ਪਤਾ ਲੱਗਾ ਕਿ ਇਹ ਬੇਰਹਿਮ ਮਾਂ ਖੁਦ ਹੀ ਛਾਲ ਮਾਰਨ ਦਾ ਬਹਾਨਾ ਕਰ ਰਹੀ ਸੀ। ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਔਰਤ ਦੇ ਪਤੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਉਥੇ ਹੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਦੇ ਪਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ 4 ਸਾਲਾ ਬੱਚੀ ਗੂੰਗੀ-ਬੋਲੀ ਸੀ, ਜਿਸ ਕਾਰਨ ਉਸ ਦੀ ਮਾਂ ਸੁਸ਼ਮਾ, ਜੋ ਕਿ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹੈ, ਕਾਫੀ ਪਰੇਸ਼ਾਨ ਸੀ ਅਤੇ ਸ਼ਾਇਦ ਇਸੇ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।
ਪੁਲਿਸ ਨੇ ਦੋਸ਼ੀ ਮਾਂ ਨੂੰ ਕੀਤਾ ਗ੍ਰਿਫਤਾਰ
ਦੋਸ਼ੀ ਮਾਂ ਨੂੰ ਬੈਂਗਲੁਰੂ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਔਰਤ ਦਾ ਪਤੀ ਕਿਰਨ ਸਾਫਟਵੇਅਰ ਪ੍ਰੋਫੈਸ਼ਨਲ ਹੈ। ਇਸ ਤੋਂ ਇਲਾਵਾ ਇਸ ਸਮੇਂ ਦੋਸ਼ੀ ਸੁਸ਼ਮਾ ਦਾ ਮਾਨਸਿਕ ਚੈਕਅੱਪ ਵੀ ਕੀਤਾ ਜਾ ਰਿਹਾ ਹੈ। ਹੁਣ ਲੋਕਾਂ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਇੱਕ ਮਾਂ ਆਪਣੀ ਹੀ ਧੀ ਨੂੰ ਕਿਵੇਂ ਮਾਰ ਸਕਦੀ ਹੈ।